ਬਿਨਾਂ ਆਰਡਰ ਸਾਮਾਨ ਲੈ ਕੇ ਘਰ ਆਇਆ ਡਿਲੀਵਰੀ ਬੁਆਏ ਬਿਨਾਂ ਆਰਡਰ ਸਮਾਨ ਲੈ ਕੇ ਘਰ ਆਇਆ ਡਿਲੀਵਰੀ ਬੁਆਏ
Publish Date: Sun, 02 Aug 2026 05:59 PM (IST)
Updated Date: Mon, 03 Aug 2026 04:05 AM (IST)
ਪਾਰਸਲ ਦੇ ਮੰਗ ਰਿਹਾ ਸੀ 500 ਰੁਪਏ, ਵਿਚੋਂ ਨਿਕਲੀ 10 ਰੁਪਏ ਦੀ ਸਾਬਣ ਦੀ ਟਿੱਕੀ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਇਲਾਕੇ ਅੰਦਰ ਹੁਣ ਆਨਲਾਈਨ ਠੱਗੀਆਂ ਤੋਂ ਬਾਅਦ ਬਿਨਾਂ ਆਰਡਰ ਕੀਤੇ ਡਲਿਵਰੀ ਦੇਣ ਆਏ ਇਕ ਨੌਜਵਾਨ ਵੱਲੋਂ ਮਹਿਜ ਇਕ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ 500 ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਹੁਣ ਸ਼ਹਿਰ ਵਾਸੀਆਂ ਨੂੰ ਡਿਲੀਵਰੀ ਦੇਣ ਆ ਰਹੇ ਇਨ੍ਹਾਂ ਨੌਜਵਾਨਾਂ ਤੋਂ ਚੁਕੰਨੇ ਰਹਿਣ ਦੀ ਜ਼ਰੂਰਤ ਹੈ। ਤਪਾ ਦੇ ਪੰਕਜ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਘਰ ਇੱਕ ਡਲਿਵਰੀ ਬੁਆਏ ਅਜਿਹਾ ਪਾਰਸਲ ਲੈ ਕੇ ਪਹੁੰਚ ਗਿਆ, ਜਿਸ ਸਬੰਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਵੱਲੋਂ ਕੋਈ ਆਰਡਰ ਨਹੀਂ ਕੀਤਾ ਗਿਆ ਸੀ। ਪਰਿਵਾਰ ਮੁਤਾਬਕ ਨਾ ਤਾਂ ਉਨ੍ਹਾਂ ਨੇ ਕੋਈ ਸਾਮਾਨ ਬੁੱਕ ਕਰਵਾਇਆ ਸੀ ਤੇ ਨਾ ਹੀ ਇਸ ਡਲਿਵਰੀ ਲਈ ਆਪਣਾ ਪਤਾ ਦਿੱਤਾ ਸੀ। ਇਸਦੇ ਬਾਵਜੂਦ ਡਿਲੀਵਰੀ ਬੁਆਏ ਵੱਲੋਂ ਪਾਰਸਲ ਦੀ ਡਿਲੀਵਰੀ ਕਰਨ ਬਦਲੇ ਕਰੀਬ 500 ਰੁਪਏ ਲੈ ਲਏ। ਪਰਿਵਾਰ ਵੱਲੋਂ ਡਿਲੀਵਰੀ ਬੁਆਏ ਦੇ ਸਾਹਮਣੇ ਹੀ ਜਦ ਪਾਰਸਲ ਖੋਲ੍ਹ ਕੇ ਦੇਖਣ ’ਤੇ ਉਸ ਵਿਚ ਭਾਂਡੇ ਮਾਜਨ ਵਾਲੀ ਇੱਕ ਛੋਟੀ ਜਿਹੀ ਸਾਬਨ ਦੀ ਟਿੱਕੀ ਨਿਕਲੀ, ਜਿਸਦੀ ਕੀਮਤ ਮਹਿਜ਼ 10 ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਵਾਲ ਉਠਾਇਆ ਕਿ ਜਦੋਂ ਉਨ੍ਹਾਂ ਵੱਲੋਂ ਕੋਈ ਆਰਡਰ ਹੀ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦਾ ਨਾਮ, ਪਤਾ ਤੇ ਮੋਬਾਈਲ ਨੰਬਰ ਡਿਲੀਵਰੀ ਲਈ ਕਿਸ ਤਰ੍ਹਾਂ ਵਰਤਿਆ ਗਿਆ। ਪੰਕਜ ਮਿੱਤਲ ਨੇ ਦੱਸਿਆ ਕਿ ਮਾਮਲਾ ਤਕਰਾਰ ਤੱਕ ਪਹੁੰਚ ਗਿਆ ਤੇ ਪਰਿਵਾਰ ਵੱਲੋਂ ਆਪਣੇ ਜਾਣਕਾਰਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਕਾਫ਼ੀ ਦੇਰ ਤੱਕ ਚੱਲੀ ਗੱਲਬਾਤ ਤੋਂ ਬਾਅਦ ਪਰਿਵਾਰ ਵੱਲੋਂ ਡਿਲੀਵਰੀ ਬੁਆਏ ਨੇ 500 ਰੁਪਏ ਵਾਪਸ ਦੇਕੇ ਖਹਿੜਾ ਛੁਡਵਾਇਆ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਆਰਡਰ ਕੀਤੀ ਕਿਸੇ ਵੀ ਡਿਲੀਵਰੀ ਨੂੰ ਬਿਨਾਂ ਜਾਂਚ ਕੀਤੇ ਸਵੀਕਾਰ ਨਾ ਕੀਤਾ ਜਾਵੇ। ਪਾਰਸਲ ਲੈਣ ਤੋਂ ਪਹਿਲਾਂ ਆਰਡਰ, ਭੇਜਣ ਵਾਲੇ ਦੀ ਜਾਣਕਾਰੀ ਤੇ ਸਾਮਾਨ ਦੀ ਪੁਸ਼ਟੀ ਕੀਤੀ ਜਾਵੇ ਤੇ ਸ਼ੱਕ ਹੋਣ ’ਤੇ ਪਾਰਸਲ ਨਾ ਲਿਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਦੀ ਸਬੰਧਤ ਵਿਭਾਗ ਵੱਲੋਂ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਡਿਲੀਵਰੀ ਸੇਵਾਵਾਂ ਦੀ ਆੜ ਵਿਚ ਕਿਸੇ ਨਾਲ ਧੋਖਾਧੜੀ ਨਾ ਹੋ ਸਕੇ।