ਝਲੂਰ-ਬਾਜਵਾ ਸੜਕ ’ਤੇ ਡੂੰਘੇ ਟੋਏ ਬਣੇ ਰਾਹਗੀਰਾਂ ਲਈ ਮੁਸੀਬਤ ਝਲੂਰ-ਬਾਜਵਾ ਸੜਕ ’ਤੇ ਡੂੰਘੇ ਟੋਏ ਬਣੇ ਰਾਹਗੀਰਾਂ ਲਈ ਮੁਸੀਬਤ
Publish Date: Mon, 12 Oct 2026 03:56 PM (IST)
Updated Date: Tue, 13 Oct 2026 04:03 AM (IST)
ਮਾਮੂਲੀ ਬਾਰਿਸ਼ ਨਾਲ ਟੋਇਆਂ ’ਚ ਭਰ ਜਾਂਦਾ ਹੈ ਪਾਣੀ ਹਾਦਸਿਆਂ ਦਾ ਬਣਿਆ ਰਹਿੰਦਾ ਹੈ ਖ਼ਤਰਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮਾਲੇਰਕੋਟਲਾ/ ਸ਼ੇਰਪੁਰ : ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੜਕੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਬਿਹਤਰ ਸੜਕਾਂ ਬਣਾਉਣ ਦੇ ਦਾਅਵਿਆਂ ਦਰਮਿਆਨ ਝਲੂਰ ਤੋਂ ਬਾਜਵਾ ਵੱਲ ਜਾਂਦੀ ਸੜਕ ਦੀ ਖਸਤਾ ਹਾਲਤ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਇਸ ਸੜਕ ’ਤੇ ਥਾਂ-ਥਾਂ ਪਏ ਡੂੰਘੇ ਟੋਏ ਜਿੱਥੇ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ, ਉੱਥੇ ਹੀ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਵੀ ਬਣੇ ਹੋਏ ਹਨ। ਇਲਾਕੇ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਆਲੇ-ਦੁਆਲੇ ਦੇ ਕਈ ਪਿੰਡਾਂ ਵਿੱਚ ਸੜਕਾਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਇਸ ਸੜਕ ਦੀ ਲੰਮੇ ਸਮੇਂ ਤੋਂ ਕੋਈ ਸਾਰ ਨਹੀਂ ਲਈ ਗਈ। ਸ਼ੇਰਪੁਰ ਤੋਂ ਝਲੂਰ ਰਾਹੀਂ ਸੰਘੇੜਾ ਅਤੇ ਬਰਨਾਲਾ ਵੱਲ ਜਾਣ ਵਾਲੀ ਇਹ ਸੜਕ ਆਵਾਜਾਈ ਪੱਖੋਂ ਕਾਫ਼ੀ ਮਹੱਤਵਪੂਰਨ ਹੈ। ਇਸ ਰਸਤੇ ਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਵਾਹਨ ਅਤੇ ਆਮ ਰਾਹਗੀਰ ਲੰਘਦੇ ਹਨ। ਪਿੰਡ ਵਾਸੀਆਂ ਅਨੁਸਾਰ ਸੜਕ ਦੀ ਮਾੜੀ ਹਾਲਤ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਮੂਲੀ ਬਾਰਿਸ਼ ਹੋਣ ’ਤੇ ਵੀ ਸੜਕ ਦੇ ਟੋਇਆਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਟੋਇਆਂ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲੱਗਦਾ। ਇਸ ਨਾਲ ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਸੜਕ ’ਤੇ ਪਹਿਲਾਂ ਵੀ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਸੁਰਿੰਦਰ ਸਿੰਘ ਬਾਜਵਾ, ਸਾਬਕਾ ਸਰਪੰਚ ਕੁਲਦੀਪ ਸਿੰਘ ਕੀਪਾ, ਵਪਾਰ ਮੰਡਲ ਦੇ ਆਗੂ ਮਨਦੀਪ ਸਿੰਘ ਖੀਪਲ, ਮੁਲਾਜ਼ਮ ਆਗੂ ਦਰਸ਼ਨ ਸਿੰਘ ਝਲੂਰ, ਭੋਲਾ ਸਿੰਘ ਨੰਗਲ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਗੁਰਜੀਤ ਸਿੰਘ ਈਸ਼ਾਪੁਰ ਲੰਡਾ ਨੇ ਸਰਕਾਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਹਾਲਤ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਡੂੰਘੇ ਟੋਇਆਂ ਦੀ ਮੁਰੰਮਤ ਕਰਵਾਉਣ ਦੇ ਨਾਲ-ਨਾਲ ਸੜਕ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ, ਤਾਂ ਜੋ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਸੰਭਾਵੀ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ। ਝਲੂਰ ਤੋਂ ਬਾਜਵਾ ਨੂੰ ਜਾਂਦੀ ਸੜਕ ’ਚ ਪਏ ਵੱਡੇ ਵੱਡੇ ਟੋਏ ਨਜ਼ਰ ਆ ਰਹੇ ਹਨ।