ਬਰਸੀ ਮੌਕੇ 100 ਨਰਸਰੀ ਸਕੂਲ ਖੋਲ੍ਹਣ ਦਾ ਫੈਸਲਾ ਬਰਸੀ ਮੌਕੇ 100 ਨਰਸਰੀ ਸਕੂਲ ਖੋਲ੍ਹਣ ਦਾ ਫੈਸਲਾ
Publish Date: Tue, 20 Oct 2026 03:48 PM (IST)
Updated Date: Tue, 20 Oct 2026 03:51 PM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲ਼ਾ ਬਰਸੀ ਨੂੰ ਮੁੱਖ ਰੱਖਦਿਆਂ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵੱਲੋ ਇਲਾਕੇ ਵਿਚ 100 ਨਰਸਰੀ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਐਲਾਨ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਜਲ ਛੱਡਣ ਦੀ ਸ਼ੁਰੂਆਤ ਤੋਂ ਪਹਿਲਾਂ ਸਰੋਵਰ ਵਿਖੇ ਨਾਮ ਸਿਮਰਨ ਦੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਲਾਕੇ ਦੀਆਂ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਾਰ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲ਼ਾ ਬਰਸੀ ਮਨਾਈ ਜਾ ਰਹੀ ਹੈ ਜਿਸਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਉਲੀਕੇ ਗਏ ਹਨ ਅਤੇ ਅਨੇਕਾਂ ਕੰਮ ਲਗਾਤਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲ਼ਾ ਬਰਸੀ ਨੂੰ ਮੁੱਖ ਰੱਖਦਿਆਂ ਅਕਾਲ ਕਾਲਜ ਕੌਂਸਲ ਵੱਲੋਂ ਸਿੱਖਿਆ ਦੇ ਖੇਤਰ ਵਿਚ ਵੱਡਾ ਫੈਸਲਾ ਲਿਆ ਹੈ। ਉਹਨਾਂ ਐਲਾਨ ਕਰਦਿਆਂ ਦੱਸਿਆ ਕਿ ਬਰਸੀ ਨੂੰ ਮੁੱਖ ਰੱਖਦਿਆਂ ਇਲਾਕੇ ਵਿਚ 100 ਨਰਸਰੀ ਸਕੂਲ ਖੋਲ੍ਹੇ ਜਾਣਗੇ ਜੋ ਕਿ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਦੀਆਂ ਬਰਾਂਚਾਂ ਵਜੋਂ ਕੰਮ ਕਰਨਗੇ। ਉਹਨਾਂ ਦੱਸਿਆ ਕਿ ਨਵੇਂ ਖੋਲ੍ਹੇ ਜਾਣ ਵਾਲੇ ਨਰਸਰੀ ਸਕੂਲਾਂ ਵਿਚ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੀ ਪੜ੍ਹਾਈ ਸੀਬੀਐਸਈ ਪੈਟਰਨ ਅਨੁਸਾਰ ਹੋਵੇਗੀ ਤਾਂ ਜੋ ਬੱਚਿਆਂ ਨੂੰ ਉੱਚ ਮਿਆਰੀ ਅਤੇ ਗੁਣਵੱਤਾ ਭਰਪੂਰ ਸਿੱਖਿਆ ਮੁੱਹਈਆ ਕਾਰਵਾਈ ਜਾ ਸਕੇ। ਉਹਨਾਂ ਕਿਹਾ ਕਿ ਅਕਾਲ ਕਾਲਜ ਕੌਂਸਲ, ਸੰਤ ਅਤਰ ਸਿੰਘ ਜੀ ਦੀ ਸੋਚ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਸਤੂਆਣਾ ਸਾਹਿਬ ਵਿਖੇ 8 ਕਾਲਜ, 2 ਸਕੂਲ, ਇੱਕ ਅਕਾਲ ਸ਼ੀਡ ਫਾਰਮ ਅਤੇ ਇੱਕ ਸਪੋਰਟਸ ਅਥਾਰਟੀ ਆਫ ਇੰਡੀਆ ਦਾ ਖੇਡ ਕੇਂਦਰ ਚੱਲ ਰਿਹਾ ਹੈ। ਇਨ੍ਹਾਂ ਵਿੱਦਿਅਕ ਅਤੇ ਖੇਡ ਅਦਾਰਿਆਂ ਦੇ ਵਿਦਿਆਰਥੀ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਵੱਡੀਆਂ ਪੁਜੀਸ਼ਨਾਂ ਹਾਸਲ ਕਰਕੇ ਮਸਤੂਆਣਾ ਸਾਹਿਬ ਦਾ ਨਾਮ ਰੌਸ਼ਨ ਕਰ ਰਹੇ ਹਨ।