ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਦੇ ਘਰ ਪੁਲਿਸ ਦੀ ਛਾਪੇਮਾਰੀ ਸ਼ਹੀਦ ਊਧਮ ਸਿੰਘ ਦੀ ਬਰਸੀ ਸਮਾਗਮ ਤੋਂ ਪਹਿਲਾਂ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਦੇ ਘਰ ਪੁਲਿਸ ਦੀ ਛਾਪੇਮਾਰੀ
Publish Date: Fri, 31 Jul 2026 05:08 PM (IST)
Updated Date: Sat, 01 Aug 2026 04:01 AM (IST)
--ਸਰਕਾਰ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਪੁਲਿਸ ਦੀ ਕਰ ਰਹੀ ਦੁਰਵਰਤੋਂ, ਇਹ ਤਾਕਤ ਨਸ਼ਿਆਂ ਦੇ ਖ਼ਾਤਮੇ ਲਈ ਵਰਤੀ ਜਾਵੇ : ਸੁਖਵਿੰਦਰ ਸਿੰਘ ਢਿੱਲਵਾਂ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪੰਜਾਬ ਸਰਕਾਰ ਵੱਲੋਂ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੀ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਮੌਕੇ ਸ਼ਹੀਦ ਦੇ ਬੁੱਤ ਤੇ ਸ਼ਰਧਾਂਜਲੀ ਭੇਟ ਕੀਤੀ ਜਾਣੀ ਹੈ। ਸਰਕਾਰ ਨੂੰ ਖ਼ਦਸ਼ਾ ਹੈ ਕਿ ਬੇਰੁਜ਼ਗਾਰ ਨੌਜਵਾਨ ਇਸ ਸਮਾਗਮ ’ਚ ਪਹੁੰਚਕੇ ਭਰਤੀ ਕੈਲੰਡਰ ਜਾਰੀ ਕਰਨ ਦੇ ਮੁੱਦੇ ’ਤੇ ਸਵਾਲ ਨਾ ਖੜ੍ਹੇ ਕਰਨ। ਇਸੇ ਵਿਰੋਧ ਨੂੰ ਦਬਾਉਣ ਦੇ ਮਕਸਦ ਨਾਲ ਪੁਲਿਸ ਵੱਲੋਂ ਬੇਰੁਜ਼ਗਾਰ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਕਾਰਵਾਈ ਤਹਿਤ ਲੰਘੀ ਦੇਰ ਰਾਤ ਥਾਣਾ ਤਪਾ ਮੰਡੀ ਦੀ ਪੁਲਿਸ ਵੱਲੋਂ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਦੇ ਘਰ ਛਾਪਾ ਮਾਰਿਆ ਗਿਆ। ਹਾਲਾਂਕਿ, ਛਾਪੇਮਾਰੀ ਦੌਰਾਨ ਸੁਖਵਿੰਦਰ ਸਿੰਘ ਢਿੱਲਵਾਂ ਘਰ ’ਚ ਮੌਜੂਦ ਨਹੀਂ ਸਨ, ਪਰ ਪੁਲਿਸ ਵੱਲੋਂ ਉਨ੍ਹਾਂ ਦੇ ਘਰ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। -ਸੋਸ਼ਲ ਮੀਡੀਆ ਰਾਹੀਂ ਸਰਕਾਰ ਦੀ ਘੇਰਾਬੰਦੀ ਇਸ ਕਾਰਵਾਈ ਤੋਂ ਬਾਅਦ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸੰਦੇਸ਼ ਵਾਇਰਲ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਇਸ ਹਰਕਤ ਨੂੰ ਬਹਾਨੇਬਾਜ਼ੀ ਤੇ ਹੋਛੀ ਰਾਜਨੀਤੀ ਕਰਾਰ ਦਿੱਤਾ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਪੁਲਿਸ ਬਲ ਦਾ ਇਸਤੇਮਾਲ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਦਬਾਉਣ ਲਈ ਕਰਨ ਦੀ ਬਜਾਏ, ਸੂਬੇ ’ਚ ਫੈਲੇ ਨਸ਼ਿਆਂ ਦੇ ਖ਼ਾਤਮੇ ਲਈ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਡੰਡੇ ਦੇ ਜ਼ੋਰ ਨਾਲ ਆਵਾਜ਼ ਬੰਦ ਕਰਵਾਉਣ ਦੀ ਥਾਂ ਬੇਰੁਜ਼ਗਾਰਾਂ ਨਾਲ ਮੇਜ਼ ਤੇ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਪਿਛਲੇ ਕਈ ਸਾਲਾਂ ਤੋਂ ਜਾਰੀ ਹੈ ਰੁਜ਼ਗਾਰ ਲਈ ਸੰਘਰਸ਼ ਢਿੱਲਵਾਂ ਨੇ ਦੱਸਿਆ ਕਿ ਬੇਰੁਜ਼ਗਾਰ ਨੌਜਵਾਨ ਪਿਛਲੇ ਲਗਭਗ ਸਵਾ ਚਾਰ ਸਾਲਾਂ ਤੋਂ ਤੇ ਸੰਗਰੂਰ ਵਿਖੇ ਪੱਕਾ ਮੋਰਚਾ ਲਗਾਕੇ ਪਿਛਲੇ ਸੱਤ ਮਹੀਨਿਆਂ ਤੋਂ ਰੁਜ਼ਗਾਰ ਦੀ ਮੰਗ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਪਰ ਪੰਜਾਬ ਸਰਕਾਰ ਭਰਤੀ ਕੈਲੰਡਰ ਜਾਰੀ ਕਰਨ ਦੇ ਆਪਣੇ ਵਾਅਦੇ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਆਪਣੇ ਸਵਾ ਚਾਰ ਸਾਲ ਦੇ ਕਾਰਜਕਾਲ ਦੌਰਾਨ ਸਿੱਖਿਆ ਤੇ ਸਿਹਤ ਵਿਭਾਗ ’ਚ ਇੱਕ ਵੀ ਨਵੀਂ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਨਹੀਂ ਕੀਤਾ। --ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਮੁੱਖ ਮੰਗਾਂ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਸਿੱਖਿਆ ਤੇ ਸਿਹਤ ਵਿਭਾਗ ’ਚ ਸਾਰੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਉਮਰ ਹੱਦ ’ਚ ਛੋਟ ਦਿੰਦੇ ਹੋਏ ਤੁਰੰਤ ਭਰੇ ਜਾਣ ਦੀ ਮੰਗ ਰੱਖੀ। ਉਨਾਂ ਕਿਹਾ ਨੇ ਮਾਸਟਰ ਕੇਡਰ ਦੀ ਭਰਤੀ ਲਈ ਥੋਪੀ ਗਈ 55 ਫ਼ੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋਂ ਰੱਦ ਕੀਤਾ ਜਾਵੇ। ਲੈਕਚਰਾਰ ਦੀਆਂ 1013 ਅਸਾਮੀਆਂ ਦੀ ਭਰਤੀ ’ਚ ਰਾਖਵੀਆਂ ਸ਼੍ਰੇਣੀਆਂ ਦੀਆਂ ਬਕਾਇਆ ਅਸਾਮੀਆਂ ਜਾਰੀ ਕੀਤੀਆਂ ਜਾਣ। ਆਰਟ ਐਂਡ ਕਰਾਫ਼ਟ ਵਿਸ਼ੇ ਦੀ ਲਿਖਤੀ ਪ੍ਰੀਖਿਆ ਜਲਦ ਤੋਂ ਜਲਦ ਕਰਵਾਈ ਜਾਵੇ। ਸਰੀਰਕ ਸਿੱਖਿਆ ਦੇ ਮਾਸਟਰ ਤੇ ਲੈਕਚਰਾਰ ਕੇਡਰ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਨੋਟੀਫਾਈ ਕੀਤੀਆਂ ਜਾਣ ਤੇ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਖ਼ਾਲੀ ਅਸਾਮੀਆਂ ਉਮਰ ਹੱਦ ’ਚ ਛੋਟ ਦੇ ਕੇ ਭਰੀਆਂ ਜਾਣ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਸ਼ੋਸ਼ਲ ਵਰਕਰਾਂ ਦੀਆਂ ਲਟਕਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ।