ਸਫ਼ਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਤਪਾ ਸ਼ਹਿਰ ਮੁਕੰਮਲ ਤੌਰ ’ਤੇ ਰਿਹਾ ਬੰਦ ਬਰਨਾਲਾ ਵਿਖੇ ਸਫਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਤਪਾ ਸ਼ਹਿਰ ਮੁਕੰਮਲ ਤੌਰ ’ਤੇ ਰਿਹਾ ਬੰਦ
Publish Date: Fri, 31 Jul 2026 05:04 PM (IST)
Updated Date: Sat, 01 Aug 2026 04:01 AM (IST)
ਪੁਲਿਸ ਵੱਲੋਂ ਨਿਹੱਥੇ ਸਫ਼ਾਈ ਸੇਵਕਾਂ ’ਤੇ ਕੀਤੀ ਗਈ ਕਾਰਵਾਈ ਬਹੁਤ ਹੀ ਨਿੰਦਣਯੋਗ : ਆਗੂ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਬਰਨਾਲਾ ਵਿਖੇ ਸਫ਼ਾਈ ਸੇਵਕਾਂ, ਵਿਸ਼ੇਸ਼ ਕਰਕੇ ਮਹਿਲਾ ਸਫ਼ਾਈ ਮੁਲਾਜ਼ਮਾਂ ਤੇ ਸਥਾਨਕ ਪੁਲਿਸ ਵਲੋਂ ਕੀਤੇ ਗਏ ਅਣਮਨੁੱਖੀ ਤੇ ਬੇਰਹਿਮੀ ਨਾਲ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਚ ਤਪਾ ਸ਼ਹਿਰ ਦੀਆਂ ਸਮੂਹ ਦਲਿਤ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਇਲਾਕੇ ਅੰਦਰ ਪੂਰਨ ਸਮਰਥਨ ਮਿਲਿਆ। ਸਕੂਲ ਵੀ ਆਮ ਦਿਨਾਂ ਵਾਂਗ ਖੁੱਲੇ ਰਹੇ ਬੈਂਕਾਂ ਚ ਲੋਕ ਰੋਜਾਨਾ ਵਾਂਗ ਆਪਣੇ ਕੰਮਾਂ ਨੂੰ ਆਉਂਦੇ ਜਾਂਦੇ ਵੇਖੇ ਗਏ। ਇਸ ਮੌਕੇ ਸਫਾਈ ਸੇਵਕਾਂ ਦੇ ਸਮਰਥਨ ਚ ਆਏ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ੍ਰੋਮਣੀ ਅਕਾਲੀ ਦਲ ਹਲਕਾ ਭਦੌੜ ਸਤਨਾਮ ਸਿੰਘ ਰਾਹੀ, ਮਹਾਂਕਾਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਪੈਨਸ਼ਨਰਜ ਐਸੋਸੀਏਸ਼ਨ ਦੇ ਨੁਮਾਇੰਦੇ ਮਾਸਟਰ ਪ੍ਰੇਮ ਨਾਥ, ਕਾਂਗਰਸ ਪਾਰਟੀ ਦੇ ਆਗੂ ਰਾਜਵਿੰਦਰ ਸਿੰਘ ਸ਼ੀਤਲ,ਮਾਸਟਰ ਜਸਵੰਤ ਸਿੰਘ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਸਿੰਘ ਗੋਗੀ,ਹਰਦੀਪ ਸਿੰਘ ਦੀਪਾ, ਆਦਿ ਹੋਰ ਆਗੂਆਂ ਸਾਂਝੇ ਤੌਰ ਤੇ ਨੇ ਕਿਹਾ ਸਫਾਈ ਸੇਵਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਉਨ੍ਹਾਂ ਦੀਆਂ ਤਨਖਾਹਾਂ ’ਚ ਵਾਧਾ ਕੀਤਾ ਜਾਵੇ ਤਾਂ ਜੋ ਉਹ ਆਪਣਾ ਪਰਿਵਾਰ ਪਾਲ ਸਕਣ ਤੇ ਬੱਚਿਆਂ ਨੂੰ ਪੜਾ ਲਿਖਾ ਕੇ ਆਪਣੇ ਪੈਰਾਂ ਸਿਰ ਖੜਾ ਕਰ ਸਕਣ ਸਫਾਈ ਸੇਵਕਾਂ ਦੀ ਸਾਰੀ ਜ਼ਿੰਦਗੀ ਗੰਦਗੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਜੂਝਦੇ ਹੀ ਬੀਤ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਵਿਖੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨਿਹੱਥੇ ਸਫਾਈ ਸੇਵਕਾਂ ਤੇ ਕੀਤੀ ਗਈ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਆਵਾਜ਼ ਉਠਾਉਣ ਵਾਲੇ ਮੁਲਾਜ਼ਮਾਂ ਨਾਲ ਬਲ ਪ੍ਰਯੋਗ ਕਰਨਾ ਲੋਕਤੰਤਰੀ ਕਦਰਾਂ-ਕੀਮਤਾਂ ਦੇ ਉਲਟ ਹੈ। ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇ ਤੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਤੋਂ ਗੁਰੇਜ਼ ਕੀਤਾ ਜਾਵੇ। ਸਫਾਈ ਸੇਵਕਾਂ ਦੇ ਸਮਰਥਨ ’ਚ ਵਪਾਰੀਆਂ ਨੇ ਵੀ ਭਰਪੂਰ ਸਹਿਯੋਗ ਦਿੱਤਾ, ਜਿੱਥੇ ਵਪਾਰ ਮੰਡਲ ਤਪਾ ਦੇ ਪ੍ਰਧਾਨ ਦੀਪਕ ਬਾਂਸਲ ਦੀ ਅਗਵਾਈ ਹੇਠ ਮੁਕੰਮਲ ਬਾਜ਼ਾਰ ਬੰਦ ਰਿਹਾ। ਉਧਰ ਦੂਜੇ ਪਾਸੇ ਸਫਾਈ ਸੇਵਕਾਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਰਫੀ,ਚੇਅਰਮੈਨ ਰਾਜ ਕੁਮਾਰ ਕਾਂਗੜਾ ਨੇ ਕਿਹਾ ਕਿ ਉਹ ਆਪਣੀਆਂ ਮੁੱਖ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਸਫ਼ਾਈ ਕਰਮਚਾਰੀਆਂ ਲਈ ਖ਼ਤਰਨਾਕ ਡਿਊਟੀ ਨੂੰ ਦੇਖਦਿਆਂ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦਿੱਤਾ ਜਾਵੇ। ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਹੋਵੇ ਤੇ ਪੱਕੇ ਕਰਨ ਸਬੰਧੀ ਬਣਾਈ ਗਈ 10 ਸਾਲਾਂ ਦੀ ਪਾਲਿਸੀ ਨੂੰ ਰੱਦ ਕਰ ਕੇ ਤਿੰਨ ਸਾਲਾਂ ’ਚ ਪੱਕਾ ਕੀਤਾ ਜਾਵੇ। ਉਨ੍ਹਾਂ ਨੂੰ ਘੱਟੋ-ਘੱਟ 10 ਲੱਖ ਰੁਪਏ ਦਾ ਦੁਰਘਟਨਾ ਸਬੰਧੀ ਬੀਮਾ ਲਾਗੂ ਕੀਤਾ ਜਾਵੇ ਤਾਂ ਜੋ ਸੇਵਾ ਦੌਰਾਨ ਹੋਣ ਵਾਲੇ ਹਾਦਸਿਆਂ ’ਚ ਪੂਰੀ ਤਨਖ਼ਾਹ ਤੇ ਹੋਰ ਸਹੂਲਤਾਂ ਜਾਰੀ ਰਹਿਣ ਸਬੰਧੀ ਅੱਜ ਵੀ ਬਜਿਦ ਹਨ। ਉਨ੍ਹਾਂ ਆਖਿਆ ਕਿ ਜਿੰਨਾ ਸਮਾਂ ਸਰਕਾਰ ਉਨ੍ਹਾਂ ਦੀਆਂ ਇਹ ਜਾਇਜ਼ ਮੰਗਾਂ ਸਬੰਧੀ ਫੈਸਲਾ ਕਰਕੇ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ। ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਉਧਰ ਦੂਜੇ ਪਾਸੇ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਦੇ ਮਕਸਦ ਸਦਕਾ ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਤੇ ਸਿਟੀ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਸੁਰੱਖਿਆ ਤੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਸਫਾਈ ਸੇਵਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ’ਚ ਇੱਕ ਰੋਸ ਮਾਰਚ ਕੱਢਿਆ। ਜਿੱਥੇ ਸਮੂਹ ਜਥੇਬੰਦੀਆਂ ਨੇ ਉਨ੍ਹਾਂ ਦਾ ਸਮਰਥਨ ਕੀਤਾ।ਇਸ ਮੌਕੇ ਸਹਿਰੀ ਪ੍ਰਧਾਨ ਲੱਕੀ ਭੱਟਾ,ਪਰਮਿੰਦਰ ਸਿੰਘ ਚੱਠਾ, ਸੋਨੂ ਮੱਲੀ,ਗੁਰਮੇਲ ਸਿੰਘ,ਮਿਸਤਰੀ ਬਲਜਿੰਦਰ ਸਿੰਘ, ਜੱਗੀ ਸਿੰਘ, ਗੁਰਵਿੰਦਰ ਬਾਸੀ, ਹਰਜਿੰਦਰ ਸਿੰਘ ਪਾਲੀ, ਗੁਰਦੀਪ ਚੱਠਾ, ਕਰਮਜੀਤ ਸਿੰਘ ਪੁਰਬਾ, ਐਸ ਕੁਮਾਰ, ਬਿੱਟੂ ਬਰਾੜ, ਸੁਰਿੰਦਰ ਖਟਰ,ਵਿਨੋਦ ਕੁਮਾਰ, ਗੋਗੀ ਮਹੰਤ, ਮਾਧੋ ਦਾਸ ਪ੍ਰੀਤਮ ਸਿੰਘ ਟਿਪਸੀ ਪੰਡਿਤ ਤੋਂ ਇਲਾਵਾ ਕੌਂਸਲਰ ਵਿਨੋਦ ਕਾਲਾ, ਕੌਂਸਲਰ ਜੋਨੀ ਕੁਮਾਰ, ਸਿਕੰਦਰ ਕੁਮਾਰ, ਸਲਿੰਦਰ ਕੁਮਾਰ, ਅਜੇ ਕੁਮਾਰ, ਸਚਿਨ ਕੁਮਾਰ, ਸ਼ੰਮੀ ਕੁਮਾਰ, ਜਗਤ ਕੁਮਾਰ, ਆਸ਼ਾ ਰਾਣੀ, ਗੀਤਾ ਰਾਣੀ, ਸਰੋਜ ਰਾਣੀ, ਸੰਜੂ ਦੇਵੀ, ਦੀਪਕ ਕੁਮਾਰ ਸਫ਼ਾਈ ਸੇਵਕ ਮੌਜੂਦ ਸਨ।