ਸੂਬਾ ਪ੍ਰਧਾਨ ਬਣਨ ਤੋਂ ਬਾਅਦ ਗ੍ਰਹਿ ਜ਼ਿਲ੍ਹੇ ’ਚ ਆਮਦ ’ਤੇ ਕੇਵਲ ਢਿੱਲੋਂ ਦਾ ਸਵਾਗਤ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਗ੍ਰਹਿ ਜ਼ਿਲ੍ਹੇ ’ਚ ਆਮਦ ’ਤੇ ਕੇਵਲ ਸਿੰਘ ਢਿੱਲੋਂ ਦਾ ਵੱਡੇ ਕਾਫ਼ਲਿਆਂ ਨਾਲ ਇਤਿਹਾਸਕ ਸਵਾਗਤ
Publish Date: Tue, 28 Jul 2026 05:55 PM (IST)
Updated Date: Wed, 29 Jul 2026 04:07 AM (IST)
500 ਤੋਂ ਵੱਧ ਗੱਡੀਆਂ ਦੇ ਕਾਫ਼ਲੇ ਨੇ ਬਡਬਰ ਟੋਲ ਪਲਾਜ਼ਾ ’ਤੇ ਕੀਤਾ ਸਵਾਗਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਆਪਣੇ ਗ੍ਰਹਿ ਜ਼ਿਲ੍ਹੇ ਬਰਨਾਲਾ ਪਹੁੰਚਣ ’ਤੇ ਕੇਵਲ ਸਿੰਘ ਢਿੱਲੋਂ ਦਾ ਪਾਰਟੀ ਆਗੂਆਂ, ਵਰਕਰਾਂ ਤੇ ਸਥਾਨਕ ਲੋਕਾਂ ਵੱਲੋਂ ਅਤਿ-ਉਤਸ਼ਾਹ ਨਾਲ ਸ਼ਾਨਦਾਰ ਤੇ ਇਤਿਹਾਸਕ ਸਵਾਗਤ ਕੀਤਾ ਗਿਆ। ਜ਼ਿਲ੍ਹੇ ਦੀ ਹੱਦ ’ਤੇ ਸਥਿਤ ਬਡਬਰ ਟੌਲ ਪਲਾਜ਼ਾ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਨੀਟਾ ਤੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਮਨ ਜਵੰਦਾ ਦੀ ਸਾਂਝੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋਏ ਵਰਕਰਾਂ ਨੇ ਕੇਵਲ ਸਿੰਘ ਢਿੱਲੋਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕੇਵਲ ਸਿੰਘ ਢਿੱਲੋਂ ਦੇ ਸਵਾਗਤ ਲਈ ਬਡਬਰ ਟੋਲ ਪਲਾਜ਼ਾ ’ਤੇ ਸਵੇਰ ਤੋਂ ਹੀ ਮਾਹੌਲ ਖੁਸ਼ੀ ਨਾਲ ਭਰਿਆ ਹੋਇਆ ਸੀ। ਢੋਲ-ਧਮੱਕਿਆਂ ਦੀ ਤਾਲ ’ਤੇ ਨੱਚਦੇ ਯੂਥ ਵਰਕਰਾਂ ਨੇ ਸੂਬਾ ਪ੍ਰਧਾਨ ’ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਤੋਂ ਬਾਅਦ 500 ਤੋਂ ਵੱਧ ਗੱਡੀਆਂ ਦੇ ਵਿਸ਼ਾਲ ਕਾਫ਼ਲੇ ਨਾਲ ਉਨ੍ਹਾਂ ਨੂੰ ਜ਼ਿਲ੍ਹੇ ’ਚ ਲਿਆਂਦਾ ਗਿਆ। ਢਿੱਲੋਂ ਦੀ ਬਤੌਰ ਸੂਬਾ ਪ੍ਰਧਾਨ ਬਰਨਾਲਾ ਵਿੱਚ ਪਹਿਲੀ ਐਂਟਰੀ ਨਾਲ ਪਾਰਟੀ ਆਗੂਆਂ ਤੇ ਵਰਕਰਾਂ ’ਚ ਇੱਕ ਵੱਖਰਾ ਹੀ ਉਤਸ਼ਾਹ ਤੇ ਨਵੀਂ ਰੂਹ ਦੇਖਣ ਨੂੰ ਮਿਲੀ। ਸਿਆਸੀ ਮਾਹਰਾਂ ਅਨੁਸਾਰ ਵਰਕਰਾਂ ਦਾ ਇਹ ਭਾਰੀ ਉਤਸ਼ਾਹ ਭਾਜਪਾ ਲਈ ਮਾਲਵਾ ਖੇਤਰ ਸਮੇਤ ਪੂਰੇ ਪੰਜਾਬ ਵਿੱਚ ਇੱਕ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ। ਇਸ ਮੌਕੇ ’ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਦਾ ਤਹੇ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ, ਕਿ ਪੰਜਾਬ ਦੇ ਮੌਜੂਦਾ ਬਿਗੜ ਰਹੇ ਹਾਲਾਤਾਂ ਅਤੇ ਪ੍ਰਸ਼ਾਸਨਿਕ ਨਾਕਾਮੀਆਂ ਤੋਂ ਜਨਤਾ ਪੂਰੀ ਤਰ੍ਹਾਂ ਅੱਕ ਚੁੱਕੀ ਹੈ। ਅੱਜ ਪੰਜਾਬ ਦੇ ਲੋਕਾਂ ਦੀ ਇੱਕੋ-ਇੱਕ ਆਸ ਅਤੇ ਉਮੀਦ ਭਾਰਤੀ ਜਨਤਾ ਪਾਰਟੀ ਹੈ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਪੰਜਾਬ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਪੱਖੀ ਨੀਤੀਆਂ ’ਤੇ ਵਿਸ਼ਵਾਸ ਪ੍ਰਗਟਾਉਂਦੇ ਹੋਏ, ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਭਾਜਪਾ ਦੀ ਡਬਲ ਇੰਜਣ ਵਾਲੀ ਮਜ਼ਬੂਤ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।