ਬਰਨਾਲਾ ਦੇ ਬਾਜ਼ਾਰਾਂ ਦੀ ਬਦਹਾਲੀ ’ਤੇ ਵਪਾਰ ਮੰਡਲ ਦੇ ਨੇਤਾ ਮੋਨੂ ਗੋਇਲ ਦਾ ਰੋਸ ਬਰਨਾਲਾ ਦੇ ਬਾਜ਼ਾਰਾਂ ਦੀ ਬਦਹਾਲੀ 'ਤੇ ਵਪਾਰ ਮੰਡਲ ਦੇ ਨੇਤਾ ਮੋਨੂ ਗੋਇਲ ਦਾ ਰੋਸ
Publish Date: Thu, 16 Jul 2026 03:53 PM (IST)
Updated Date: Fri, 17 Jul 2026 04:01 AM (IST)
ਘਟੀਆ ਸੀਵਰੇਜ ਕੰਮ ਤੇ ਗੰਦਗੀ ’ਤੇ ਸਰਕਾਰ ਨੂੰ ਘੇਰਿਆ ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਵਪਾਰ ਮੰਡਲ ਬਰਨਾਲਾ ਦੇ ਨੇਤਾ ਮੋਨੂ ਗੋਇਲ ਨੇ ਸ਼ਹਿਰ ਦੇ ਬਾਜ਼ਾਰਾਂ ’ਚ ਪੈਦਾ ਹੋ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਤੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਦਰ ਬਾਜ਼ਾਰ ਤੋਂ ਬਾਂਸਾ ਵਾਲੇ ਮੋਰਚੇ ਤੱਕ ਕੁਝ ਦਿਨ ਪਹਿਲਾਂ ਸੀਵਰੇਜ ਦਾ ਕੰਮ ਕੀਤਾ ਗਿਆ ਸੀ, ਪਰ ਇਹ ਕੰਮ ਬਹੁਤ ਹੀ ਘਟੀਆ ਢੰਗ ਨਾਲ ਕੀਤਾ ਗਿਆ ਹੈ। ਸੜਕਾਂ ਦੀ ਹਾਲਤ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ ਤੇ ਥਾਂ-ਥਾਂ ਸੀਵਰੇਜ ਦੇ ਮੈਨਹੋਲ ਬਣਾਏ ਗਏ ਹਨ। ਇਨ੍ਹਾਂ ਮੈਨਹੋਲਾਂ ਉੱਪਰ ਲਗਾਏ ਗਏ ਢੱਕਣ ਇੰਨੇ ਕਮਜ਼ੋਰ ਹਨ ਕਿ ਕੋਈ ਵੀ ਵਾਹਨ ਲੰਘਣ ਨਾਲ ਤੁਰੰਤ ਟੁੱਟ ਜਾਂਦੇ ਹਨ। ਮੋਨੂ ਗੋਇਲ ਨੇ ਬਾਂਸਾ ਵਾਲੇ ਮੋਰਚੇ ਤੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਹੀ ਇੱਕ ਵਾਹਨ ਜਿਵੇਂ ਹੀ ਮੈਨਹੋਲ ਦੇ ਢੱਕਣ ਉੱਪਰੋਂ ਲੰਘਿਆ ਤਾਂ ਉਹ ਤੁਰੰਤ ਟੁੱਟ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਸਾਫ਼ ਹੁੰਦਾ ਹੈ ਕਿ ਕੰਮ ’ਚ ਘਟੀਆ ਮਟੀਰੀਅਲ ਵਰਤਿਆ ਗਿਆ ਹੈ। ਉਨ੍ਹਾਂ ਨੇ ਸੰਬੰਧਿਤ ਠੇਕੇਦਾਰਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਭਵਿੱਖ ’ਚ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸੜਕਾਂ ਹੀ ਨਹੀਂ, ਸਗੋਂ ਪੂਰੇ ਸ਼ਹਿਰ ਦੀ ਸਫ਼ਾਈ ਵਿਵਸਥਾ ਵੀ ਬਦਤਰ ਹੋ ਚੁੱਕੀ ਹੈ। ਹਰ ਥੋੜ੍ਹੀ ਦੂਰੀ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਵਪਾਰੀਆਂ ਤੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੀਂਹ ਪੈਂਦਾ ਹੈ ਤਾਂ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਹੋਰ ਵੱਧ ਜਾਵੇਗਾ ਤੇ ਇਸ ਉੱਤੇ ਕਾਬੂ ਪਾਉਣਾ ਮੁਸ਼ਕਲ ਹੋ ਸਕਦਾ ਹੈ। ਮੋਨੂ ਗੋਇਲ ਨੇ ਕਿਹਾ ਕਿ ਅੱਜ ਬਰਨਾਲਾ ਸ਼ਹਿਰ ਦੀ ਹਾਲਤ ਨਰਕ ਵਰਗੀ ਬਣ ਚੁੱਕੀ ਹੈ, ਪਰ ਨਾ ਕਿਸੇ ਐਮਸੀ ਦਾ ਧਿਆਨ ਹੈ, ਨਾ ਮੇਅਰ ਦਾ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਹਨ ਤੇ ਨਵੀਂ ਟੀਮ ਬਣੀ ਹੈ, ਪਰ ਸ਼ਹਿਰ ਦੀਆਂ ਸਮੱਸਿਆਵਾਂ ਜਿਉਂ ਦੀ ਤਿਉਂ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹਿਰ ਦੀ ਸਫ਼ਾਈ, ਟੁੱਟੀਆਂ ਸੜਕਾਂ ਤੇ ਸੀਵਰੇਜ ਦੀਆਂ ਖਾਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ, ਜਿਨ੍ਹਾਂ ਸੜਕਾਂ ਨੂੰ ਸੀਵਰੇਜ ਪਾਉਣ ਲਈ ਪੁੱਟਿਆ ਗਿਆ ਸੀ, ਉਨ੍ਹਾਂ ਦੀ ਸਹੀ ਢੰਗ ਨਾਲ ਮੁੜ ਉਸਾਰੀ ਕੀਤੀ ਜਾਵੇ ਤੇ ਜਿਨ੍ਹਾਂ ਠੇਕੇਦਾਰਾਂ ਨੇ ਘਟੀਆ ਮਟੀਰੀਅਲ ਵਰਤ ਕੇ ਮੈਨਹੋਲਾਂ ਦੇ ਢੱਕਣ ਬਣਾਏ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਨਵੇਂ ਤੇ ਮਜ਼ਬੂਤ ਢੱਕਣ ਲਗਾਏ ਜਾਣ ਤਾਂ ਜੋ ਕਿਸੇ ਵੀ ਵਾਹਨ ਜਾਂ ਆਮ ਨਾਗਰਿਕ ਦੀ ਜਾਨ-ਮਾਲ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸ ਮੌਕੇ ਤੇ ਮੋਨੂ ਗੋਇਲ ਦੇ ਨਾਲ ਪ੍ਰਗਟ ਸਿੰਘ, ਅਮਨ, ਅਸ਼ੋਕ ਸੈਣੀ, ਅਰੁਣ ਕੁਮਾਰ, ਸ਼ੈਂਟੀ ਜੋਧਪੁਰੀਆ, ਗੁਲਸ਼ ਤੇ ਕਰਨ ਸ਼ਾਮਲ ਸਨ।