- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ 'ਚ ਨੌਜਵਾਨ ਦੀ ਸ਼ੱਕੀ ਹਾਲਤ 'ਚ ਲਾਸ਼ ਬਰਾਮਦ, ਇਲਾਕੇ 'ਚ ਸਨਸਨੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਕਚਿਹਰੀ ਚੌਕ ਦੇ ਬਿਲਕੁਲ ਨਜ਼ਦੀਕ ਅੱਜ ਉਸ ਵੇਲੇ ਸਨਸਨੀ ਫੈਲ ਗਈ। ਜਦੋਂ ਇਕ ਅਣਪਛਾਤੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਲਾਸ਼ ਬਰਾਮਦ ਹੋਈ। ਦਿਨ-ਦਿਹਾੜੇ ਸ਼ਹਿਰ ਦੇ ਸਭ ਤੋਂ ਰੁਝੇਵੇਂ ਵਾਲੇ ਤੇ ਸੰਵੇਦਨਸ਼ੀਲ ਇਲਾਕੇ ’ਚੋਂ ਲਾਸ਼ ਮਿਲਣ ਦੀ ਇਸ ਘਟਨਾ ਨੇ ਸਥਾਨਕ ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਦੀ ਮੁਸਤੈਦੀ ਤੇ ਗਸ਼ਤ ਦੇ ਦਾਅਵਿਆਂ ’ਤੇ ਇਕ ਵਾਰ ਫਿਰ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਰਾਹਗੀਰਾਂ ਤੇ ਆਸਪਾਸ ਦੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਭਾਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤਕ ਮੌਤ ਦੇ ਅਸਲ ਕਾਰਨਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਤੇ ਨਾ ਹੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਰੂਪ ’ਚ ਕੁਝ ਕਿਹਾ ਜਾ ਸਕਦਾ ਹੈ। ਪਰ ਮੌਕੇ ’ਤੇ ਮੌਜੂਦ ਰਾਹਗੀਰਾਂ ’ਚ ਇਹ ਚਰਚਾ ਆਮ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਜਾਪਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਨਸ਼ਿਆਂ ਖ਼ਿਲਾਫ਼ ਸਖਤੀ ਦੇ ਬਾਵਜੂਦ ਨੌਜਵਾਨ ਪੀੜ੍ਹੀ ਮੌਤ ਦੇ ਮੂੰਹ ’ਚ ਜਾ ਰਹੀ ਹੈ। ਕਚਹਿਰੀ ਚੌਕ ਵਰਗੇ ਪ੍ਰਮੁੱਖ ਹਿੱਸੇ, ਜਿਥੇ ਆਮ ਤੌਰ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਦੀ ਆਵਾਜਾਈ ਰਹਿੰਦੀ ਹੈ ਦੇ ਨੇੜਿਓਂ ਲਾਸ਼ ਮਿਲਣਾ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਿਆਨ ਕਰਦਾ ਹੈ। ਥਾਣਾ ਸਿਟੀ-2 ਦੀ ਪੁਲਿਸ ਸ਼ਹਿਰ ਅੰਦਰ ਸ਼ੱਕੀ ਅਨਸਰਾਂ ਦੀ ਹਲਚਲ ’ਤੇ ਨਜ਼ਰ ਰੱਖਣ ’ਚ ਨਾਕਾਮ ਸਾਬਤ ਹੋ ਰਹੀ ਹੈ। ਮੁੱਖ ਮਾਰਗਾਂ ’ਤੇ ਜਨਤਕ ਥਾਵਾਂ ’ਤੇ ਪੁਲਿਸ ਦੀ ਗਸ਼ਤ ਨਾਮਾਤਰ ਹੋਣ ਕਾਰਨ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।