- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਮਨ ਬਾਜਵਾ ਦਾ ਅਮਨ ਅਰੋੜਾ ਨੂੰ ਸਵਾਲ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਵਾਲ ਕੀਤਾ ਹੈ ਕਿ ਉਹ ਵਿਕਾਸ ਪ੍ਰੋਜੈਕਟਾਂ ਤੇ ਖ਼ਰਚ ਹੋਣ ਵਾਲੇ ਕੇਂਦਰੀ ਸਕੀਮਾਂ ਦੇ ਪੈਸੇ ਦਾ ਜ਼ਿਕਰ ਕਰਨ ਤਾਂ ਜੋ ਜਨਤਾ ਦੇ ਸਾਹਮਣੇ ਅਸਲ ਸਚਾਈ ਆ ਸਕੇ। ਦੱਸ ਦੇਈਏ ਸੁਨਾਮ ਵਿਖੇ ਕੇਂਦਰੀ ਪ੍ਰਾਜੈਕਟ ਅੰਮ੍ਰਿਤ.2-0 ਨੂੰ ਲੈਕੇ ਚਰਚਾ ਛਿੜ ਗਈ ਸੀ ਜਿਸਦਾ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਸੁਨਾਮ ਵਿਖੇ ਬਕਾਇਦਾ ਨੀਂਹ ਪੱਥਰ ਰੱਖਿਆ ਹੈ। ਭਾਜਪਾ ਆਗੂਆਂ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਦੀ ‘ਅੰਮ੍ਰਿਤ 2.0 ਯੋਜਨਾ ਤਹਿਤ ਸ਼ਹਿਰੀ ਵਿਕਾਸ ਅਤੇ ਪੀਣ ਵਾਲੇ ਪਾਣੀ ਦੇ ਪ੍ਰਾਜੈਕਟਾਂ ਨੂੰ ਲੈਕੇ ਚੱਲ ਰਹੇ ਸਿਆਸੀ ਘਮਾਸਾਨ ਦਰਮਿਆਨ ਆਮ ਆਦਮੀ ਪਾਰਟੀ ਅਤੇ ਸਥਾਨਕ ਕੈਬਨਿਟ ਮੰਤਰੀ ਅਮਨ ਅਰੋੜਾ ’ਤੇ ਪਲਟਵਾਰ ਕਰਦਿਆਂ ਆਪਣਾ ਪੱਖ ਰੱਖਿਆ ਹੈ। ਭਾਜਪਾ ਆਗੂਆਂ ਨੇ ਸਪੱਸ਼ਟ ਕੀਤਾ ਕਿ ‘ਅੰਮ੍ਰਿਤ 2.0’ ਯੋਜਨਾ ਪੂਰੀ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਦੀ ਇੱਕ ਮਹੱਤਵਪੂਰਨ ਪਹਿਲਕਦਮੀ ਹੈ, ਜਿਸ ਦਾ ਮੁੱਖ ਮਨੋਰਥ ਹਰ ਘਰ ਤੱਕ ਸਾਫ਼ ਪੀਣ ਵਾਲਾ ਪਾਣੀ ਅਤੇ ਬਿਹਤਰ ਸੀਵਰੇਜ ਵਿਵਸਥਾ ਪਹੁੰਚਾਉਣਾ ਹੈ। ਉਕਤ ਯੋਜਨਾ ਤਹਿਤ ਪੰਜਾਹ ਫੀਸਦੀ ਪੈਸਾ ਕੇਂਦਰ ਅਤੇ ਪੰਜਾਹ ਫੀਸਦੀ ਪੈਸਾ ਸੂਬਾ ਸਰਕਾਰ ਅਤੇ ਨਗਰ ਕੌਂਸਲ ਦਾ ਹਿੱਸਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੂਬਾ ਸਰਕਾਰ ਕੇਂਦਰੀ ਸਕੀਮਾਂ ਦੇ ਪੈਸੇ ਨਾਲ ਆਪਣੀ ਬੱਲੇ-ਬੱਲੇ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਵਿਰੋਧੀਆਂ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਪ੍ਰਾਜੈਕਟਾਂ ਦਾ ਸਿਹਰਾ ਲੈਣ ਦੀ ਬਜਾਏ ਧਰਾਤਲ 'ਤੇ ਕੰਮ ਦਿਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਆਈਆਂ ਗ੍ਰਾਂਟਾਂ ਦੀ ਵਰਤੋਂ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਵਿਕਾਸ ਕਾਰਜਾਂ ਦੇ ਨਾਂ ’ਤੇ ਗੁੰਮਰਾਹਕੁੰਨ ਰਾਜਨੀਤੀ ਕਰਨ ਦੇ ਦੋਸ਼ ਲਗਾਏ ਅਤੇ ਕਿਹਾ ਕਿ ਸੁਨਾਮ ਹਲਕੇ ਦੀ ਜਨਤਾ ਸਭ ਜਾਣਦੀ ਹੈ ਕਿ ਕਿਹੜੀਆਂ ਗ੍ਰਾਂਟਾਂ ਕੇਂਦਰ ਵੱਲੋਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸੁਨਾਮ ਹਲਕੇ ਵਿੱਚ ਅੰਮ੍ਰਿਤ 2.0 ਪ੍ਰਾਜੈਕਟ ਦੇ ਫੰਡਾਂ ਅਤੇ ਵਿਕਾਸ ਕਾਰਜਾਂ ਦੇ ਕਰੈਡਿਟ ਨੂੰ ਲੈਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਆਹਮੋ-ਸਾਹਮਣੇ ਹਨ।
ਇਸ ਮੌਕੇ ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸ਼ਰਮਾ, ਕੌਂਸਲਰ ਮੋਨਿਕਾ ਗੋਇਲ ਹਾਜ਼ਰ ਸਨ।