- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਮਨ ਬਾਜਵਾ ਨੇ ਝਾੜੋਂ ’ਚ ਨਸ਼ਾ ਅਤੇ ਗੁੰਡਾਗਰਦੀ ਤੇ ਜਤਾਈ ਚਿੰਤਾ

ਕਿਹਾ- ਭਾਜਪਾ ਪਿੰਡ ਦੇ ਲੋਕਾਂ ਨਾਲ ਡਟਕੇ ਖੜ੍ਹੀ, ਨਸਾ ਤਸਕਰਾਂ ਵੱਲੋਂ ਲੋਕਾਂ ਨੂੰ ਕੁੱਟਣਾ ਨਹੀਂ ਬਰਦਾਸ਼ਤ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਝਾੜੋਂ ਵਿਖੇ ਕਥਿਤ ਤੌਰ ’ਤੇ ਨਸ਼ਿਆਂ ਦੀ ਸ਼ਰੇਆਮ ਵਿਕਰੀ ਅਤੇ ਗੁੰਡਾਗਰਦੀ ਦੇ ਖਿਲਾਫ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਝਾੜੋਂ ਵਿਖੇ ਨਸ਼ਿਆਂ ਨੂੰ ਰੋਕਣ ਲਈ ਪਿੰਡ ਵਿੱਚ ਵਾਪਰੀ ਘਟਨਾ ਤੋਂ ਬਾਅਦ ਹੋਏ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਦਾਮਨ ਬਾਜਵਾ ਨੇ ਆਖਿਆ ਕਿ ਪਿੰਡ ਝਾੜੋਂ ਦੇ ਲੋਕਾਂ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਠੀਕਰੀ ਪਹਿਰੇ ਲਗਾਉਣੇ ਸ਼ੁਰੂ ਕੀਤੇ ਗਏ ਹਨ ਇਸੇ ਦੌਰਾਨ ਨਸ਼ੇ ਦਾ ਕਾਲਾ ਕਾਰੋਬਾਰ ਸ਼ਰੇਆਮ ਕਰਨ ਵਾਲਿਆਂ ਨੇ ਇੱਕ ਵਿਅਕਤੀ ਨੂੰ ਆਪਣੇ ਘਰ ਬੰਦੀ ਬਣਾ ਲਿਆ ਅਤੇ ਉਸਦੀ ਬਹੁਤ ਕੁੱਟਮਾਰ ਕੀਤੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇੱਕ ਵਿਅਕਤੀ ਦੀ ਭੁਗਤ ਸੁਆਰੀ। ਉਨ੍ਹਾਂ ਕਿਹਾ ਕਿ ਪੰਜਾਬ ਨਸ਼ਿਆਂ ਦੀ ਹੱਬ ਬਣ ਗਿਆ ਹੈ। ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਲੋਕਾਂ ਵੱਲੋਂ ਨਸ਼ਿਆਂ ਦੀ ਵਿਕਰੀ ਰੋਕਣ ਲਈ ਆਵਾਜ਼ ਚੁੱਕਣਾ ਸਮਾਜ ਦੇ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਝਾੜੋਂ ਦੇ ਨਸ਼ਿਆਂ ਖ਼ਿਲਾਫ਼ ਇਸ ਸੰਘਰਸ਼ ਵਿੱਚ ਪੂਰੀ ਤਰ੍ਹਾਂ ਨਾਲ ਪਿੰਡ ਵਾਸੀਆਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ । ਪਿੰਡ ਵੱਲੋਂ ਸਮੂਹਿਕ ਤੌਰ ’ਤੇ ਲਿਆ ਗਿਆ ਹਰ ਫੈਸਲਾ ਸਾਨੂੰ ਮਨਜ਼ੂਰ ਹੈ ਅਤੇ ਅਸੀਂ ਡੱਟ ਕੇ ਪਿੰਡ ਵਾਸੀਆਂ ਦਾ ਸਾਥ ਦੇਵਾਂਗੇ।”
ਦਾਮਨ ਬਾਜਵਾ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ ਪਿੰਡਾਂ ਵਿੱਚ ਨਸ਼ਿਆਂ ਦੀ ਸ਼ਰੇਆਮ ਵਿਕਰੀ ਹੋਣ ਦੇ ਦੋਸ਼ ਲੱਗ ਰਹੇ ਹਨ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ’ਤੇ ਹਮਲੇ ਹੋ ਰਹੇ ਹਨ ਤਾਂ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਕਿੱਥੇ ਹੈ? ਉਨ੍ਹਾਂ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਕਿ ਨਸ਼ਿਆਂ ਦੀ ਵਿਕਰੀ ਅਤੇ ਗੁੰਡਾਗਰਦੀ ਕਾਰਨ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਿਰਫ਼ ਕਿਸੇ ਇੱਕ ਪਰਿਵਾਰ ਜਾਂ ਪਿੰਡ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਮਾਮਲੇ ਵਿੱਚ ਪਿੰਡ ਵਾਸੀਆਂ ਦੀ ਆਵਾਜ਼ ਨੂੰ ਅਣਦੇਖਾ ਨਹੀਂ ਕੀਤਾ ਜਾਣਾ ਚਾਹੀਦਾ।