ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਾਰ ਵੇਚਣ ਦੇ ਮਾਮਲੇ ’ਚ ਇਕ ਬਰੀ ਜਾਅਲੀ ਨੰਬਰ ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਵਰਨਾ ਕਾਰ ਵੇਚਣ ਦੇ ਮਾਮਲੇ ’ਚ ਮੁਲਜ਼ਮ ਭੁਪਿੰਦਰ ਸਿੰਘ ਬਰੀ
Publish Date: Wed, 28 Oct 2026 04:04 PM (IST)
Updated Date: Wed, 28 Oct 2026 04:07 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਸਾਲ 2012 ਮਾਡਲ ਵਰਨਾ ਕਾਰ ਦੀ ਖਰੀਦ-ਫਰੋਖ਼ਤ ਦੌਰਾਨ ਕਥਿਤ ਤੌਰ ’ਤੇ ਜਾਅਲੀ ਨੰਬਰ ਤੇ ਗਲਤ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੇ ਮਾਮਲੇ ’ਚ ਮਾਣਯੋਗ ਅਦਾਲਤ ਡਾ. ਗੁਰਦਰਸ਼ਨ ਸਿੰਘ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ, ਬਰਨਾਲਾ ਵੱਲੋਂ ਮੁਲਜ਼ਮ ਭੁਪਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਜਗਸੀਰ ਸਿੰਘ ਪੁੱਤਰ ਸਰਬੱਗ ਸਿੰਘ, ਵਾਸੀ ਮਹੱਲ ਨਗਰ, ਬਰਨਾਲਾ, ਜੋ ਕਿ ਪਿੰਡ ਹੇੜੀਕੇ ਦਾ ਸਾਬਕਾ ਸਰਪੰਚ ਹੈ, ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਬਰਨਾਲਾ ਕਚਹਿਰੀ ’ਚ ਆਪਣੇ ਲਾਇਸੈਂਸ ਆਦਿ ਸਬੰਧੀ ਕੰਮ ਕਰਵਾਉਣ ਲਈ ਆਉਂਦਾ ਸੀ, ਜਿਸ ਕਾਰਨ ਉਸ ਦੀ ਜਾਣ-ਪਛਾਣ ਕਰਮਜੀਤ ਸਿੰਘ ਪੁੱਤਰ ਨਛੱਤਰ ਸਿੰਘ ਨਾਲ ਹੋ ਗਈ। ਕਰਮਜੀਤ ਸਿੰਘ ਉਸ ਨੂੰ ਆਪਣੇ ਰਿਸ਼ਤੇਦਾਰ ਭੁਪਿੰਦਰ ਸਿੰਘ ਪੁੱਤਰ ਦਲਵੀਰ ਸਿੰਘ ਕੋਲ ਲੈ ਗਿਆ, ਜਿੱਥੇ ਉਸ ਨੂੰ ਸਾਲ 2012 ਮਾਡਲ ਵਰਨਾ ਕਾਰ ਦਿਖਾਈ ਗਈ, ਜਿਸ ਦਾ ਨੰਬਰ ਡੀਐਲ-8ਸੀਐਕਸ-8198 ਦੱਸਿਆ ਗਿਆ। ਉਕਤ ਕਾਰ ਦਾ ਸੌਦਾ 4 ਲੱਖ ਰੁਪਏ ’ਚ ਤੈਅ ਹੋਇਆ। ਸ਼ਿਕਾਇਤ ਅਨੁਸਾਰ, 16 ਮਾਰਚ 2015 ਨੂੰ ਬਰਨਾਲਾ ਵਿਖੇ ਕਾਰ ਦੀ ਡਿਲੀਵਰੀ ਦੇਣੀ ਤੈਅ ਹੋਈ ਸੀ। ਇਸ ਦੌਰਾਨ ਜਗਸੀਰ ਸਿੰਘ ਨੇ ਗਵਾਹ ਹਮਰੀਤ ਸਿੰਘ ਦੀ ਹਾਜ਼ਰੀ ’ਚ ਕਰਮਜੀਤ ਸਿੰਘ ਅਤੇ ਭੁਪਿੰਦਰ ਸਿੰਘ ਨੂੰ ਕੁੱਲ 3 ਲੱਖ 72 ਹਜ਼ਾਰ ਰੁਪਏ ਅਦਾ ਕੀਤੇ ਅਤੇ ਬਾਕੀ 28 ਹਜ਼ਾਰ ਰੁਪਏ ਕਾਰ ਦੀ ਡਿਲੀਵਰੀ ਤੇ ਦਸਤਾਵੇਜ਼ ਮਿਲਣ ਸਮੇਂ ਦੇਣੇ ਤੈਅ ਹੋਏ। ਇਸ ਤੋਂ ਇਲਾਵਾ, ਕਰਮਜੀਤ ਸਿੰਘ ਨੂੰ ਕਮਿਸ਼ਨ ਵਜੋਂ 8 ਹਜ਼ਾਰ ਰੁਪਏ ਦਿੱਤੇ ਜਾਣ ਦਾ ਵੀ ਜ਼ਿਕਰ ਕੀਤਾ ਗਿਆ। ਬਾਅਦ ’ਚ ਕਾਰ ਦੇ ਅਸਲ ਦਸਤਾਵੇਜ਼ ਨਾ ਮਿਲਣ ਤੇ ਕਾਰ ’ਚੋਂ ਮਿਲੇ ਦਸਤਾਵੇਜ਼ਾਂ ਸਬੰਧੀ ਸ਼ੱਕ ਪੈਦਾ ਹੋਣ ’ਤੇ ਜਗਸੀਰ ਸਿੰਘ ਨੇ ਦਿੱਲੀ ਜਾ ਕੇ ਤਸਦੀਕ ਕਰਵਾਈ। ਸ਼ਿਕਾਇਤਕਰਤਾ ਦੇ ਦੋਸ਼ਾਂ ਅਨੁਸਾਰ, ਜਾਂਚ ਦੌਰਾਨ ਕਾਰ ਦੇ ਚੈਸੀ ਨੰਬਰ ਤੇ ਇੰਜਣ ਨੰਬਰ ਸਬੰਧੀ ਗੜਬੜ ਸਾਹਮਣੇ ਆਈ ਅਤੇ ਇਹ ਵੀ ਪਤਾ ਲੱਗਣ ਦਾ ਦਾਅਵਾ ਕੀਤਾ ਗਿਆ ਕਿ ਸੰਬੰਧਿਤ ਨੰਬਰ ਵਾਲੀ ਗੱਡੀ ਚੋਰੀ ਦੀ ਸੀ। ਇਸ ਤੋਂ ਬਾਅਦ ਜਗਸੀਰ ਸਿੰਘ ਵੱਲੋਂ ਐੱਸਐੱਸਪੀ ਬਰਨਾਲਾ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੇ ਆਧਾਰ ’ਤੇ ਮੁਕੱਦਮਾ ਨੰਬਰ 107, ਮਿਤੀ 2 ਅਪ੍ਰੈਲ 2016, ਧਾਰਾਵਾਂ 420, 467, 468, 471, 406 ਅਤੇ 120-ਬੀ ਆਈ.ਪੀ.ਸੀ. ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਕਰਮਜੀਤ ਸਿੰਘ ਨੂੰ ਪੁਲਿਸ ਵੱਲੋਂ ਬੇਗੁਨਾਹ ਕਰਾਰ ਦਿੱਤਾ ਗਿਆ ਸੀ, ਜਦਕਿ ਭੁਪਿੰਦਰ ਸਿੰਘ ਵਿਰੁੱਧ ਮੁਕੱਦਮੇ ਦੀ ਕਾਰਵਾਈ ਜਾਰੀ ਰਹੀ। ਮੁਲਜ਼ਮ ਦੇ ਵਕੀਲ ਵੱਲੋਂ ਪੇਸ਼ ਕੀਤੀਆਂ ਦਲੀਲਾਂ ਤੇ ਰਿਕਾਰਡ ’ਤੇ ਮੌਜੂਦ ਸਬੂਤਾਂ ’ਤੇ ਵਿਚਾਰ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਭੁਪਿੰਦਰ ਸਿੰਘ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ।