ਬਾਠ ਨੇ ਵਧਾਇਆ ਆਰਿਆਭੱਟ ਸਕੂਲ ਦਾ ਮਾਣ
ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਲਈ ਚੁਣੇ ਜਾਣ ’ਤੇ ਹਰਜੋਤ ਸਿੰਘ ਬਾਠ ਨੇ ਵਧਾਇਆ ਆਰਿਆਭੱਟ ਸਕੂਲ ਦਾ ਮਾਣ
Publish Date: Wed, 18 Nov 2026 05:39 PM (IST)
Updated Date: Wed, 18 Nov 2026 05:42 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰਿਆਭੱਟ ਇੰਟਰਨੈਸ਼ਨਲ ਸਕੂਲ, ਬਰਨਾਲਾ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦਾ ਮੌਕਾ ਹੈ ਕਿ ਸਕੂਲ ਦੇ ਨੌਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਹਰਜੋਤ ਸਿੰਘ ਬਾਠ ਦੀ ਚੋਣ ਨੈਸ਼ਨਲ ਲੈਵਲ ਵਾਲੀਬਾਲ ਚੈਂਪੀਅਨਸ਼ਿਪ ਲਈ ਹੋਈ ਹੈ। ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਨੇ ਨਾ ਸਿਰਫ਼ ਸਕੂਲ, ਸਗੋਂ ਉਸ ਦੇ ਪਰਿਵਾਰ ਅਤੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ। ਪਿੰਡ ਢਿਲਵਾਂ ਦੇ ਰਹਿਣ ਵਾਲੇ ਅਤੇ ਨਿਰਮਲ ਸਿੰਘ ਦੇ ਸਪੁੱਤਰ ਹਰਜੋਤ ਸਿੰਘ ਨੇ ਆਪਣੀ ਖੇਡ ਪ੍ਰਤਿਭਾ, ਲਗਾਤਾਰ ਅਭਿਆਸ ਅਤੇ ਖੇਡਾਂ ਪ੍ਰਤੀ ਅਟੁੱਟ ਸਮਰਪਣ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਪਿਛਲੇ ਢਾਈ ਸਾਲਾਂ ਤੋਂ ਕੀਤੀ ਜਾ ਰਹੀ ਉਸ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਨੇ ਅੱਜ ਉਸ ਨੂੰ ਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਦਾ ਮੌਕਾ ਦਿੱਤਾ ਹੈ। ਹਰਜੋਤ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਸਬੂਤ ਦਿੱਤਾ। ਪ੍ਰਿੰਸੀਪਲ ਮਾਨਸੀ ਸਿੰਘਲ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਖੇਡਾਂ ਸਿਰਫ਼ ਮੈਦਾਨ ’ਚ ਜਿੱਤ ਪ੍ਰਾਪਤ ਕਰਨ ਦਾ ਸਾਧਨ ਹੀ ਨਹੀਂ ਹਨ, ਸਗੋਂ ਇਹ ਜੀਵਨ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ, ਧੀਰਜ ਅਤੇ ਸੰਘਰਸ਼ ਦੀ ਭਾਵਨਾ ਪੈਦਾ ਕਰਨ ਦਾ ਇੱਕ ਮਜ਼ਬੂਤ ਮਾਧਿਅਮ ਵੀ ਹਨ।