ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੇ ਐੱਨਐੱਚਐੱਮ ਦੇ ਮੁਲਾਜ਼ਮ ਵਿਤ ਵਿਭਾਗ ਪੰਜਾਬ ਨਾਲ ਐਨਐਚਐਮ ਯੂਨੀਅਨ ਦੀ ਹੋਈ ਮੀਟਿੰਗ
Publish Date: Wed, 18 Nov 2026 04:00 PM (IST)
Updated Date: Wed, 18 Nov 2026 04:00 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਸਿਵਲ ਸਕੱਤਰੇਤ ਵਿਖੇ ਵਿਸ਼ੇਸ਼ ਸਕੱਤਰ ਵਿੱਤ ਵਿਭਾਗ ਦੀ ਅਗਵਾਈ ’ਚ ਨੈਸ਼ਨਲ ਹੈਲਥ ਮਿਸ਼ਨ ਇਮਪਲਾਈ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਹੋਈ । ਮੀਟਿੰਗ ਦੌਰਾਨ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀਆਂ ਮੰਗਾਂ ਉੱਪਰ ਵਿਚਾਰ ਵਟਾਂਦਰਾ ਹੋਇਆ ਤੇ ਸਭ ਤੋਂ ਅਹਿਮ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਤੇ ਵਿੱਤ ਵਿਭਾਗ ਵੱਲੋਂ ਸਹਿਮਤੀ ਪ੍ਰਗਟ ਕਰਦੇ ਹੋਏ ਇਸ ਉੱਪਰ ਆਉਣ ਵਾਲੇ 15 ਦਿਨਾਂ ਦੇ ਅੰਦਰ ਅੰਦਰ ਇੱਕ ਵਿਸ਼ੇਸ਼ ਨੀਤੀ ਬਣਾ ਕੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਪਿਛਲੇ 20 ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਦਾ ਰਾਹ ਪੱਧਰਾ ਹੁੰਦਾ ਦਿਖਾਈ ਦੇ ਰਿਹਾ ਹੈ। ਯੂਨੀਅਨ ਦੇ ਆਗੂਆਂ ਸੰਦੀਪ ਕੌਰ ਬਰਨਾਲਾ, ਡਾ. ਵਾਹਿਦ ਮਲੇਰਕੋਟਲਾ, ਸੁਖਜੀਤ ਸਿੰਘ ਰੋਪੜ ਅਤੇ ਦਿਨੇਸ਼ ਗਰਗ ਪਟਿਆਲਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਨੈਸ਼ਨਲ ਹੈਲਥ ਮਿਸ਼ਨ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਵਿਤ ਵਿਭਾਗ ਵੱਲੋਂ ਸਪੈਸ਼ਲ ਸਕੱਤਰ ਸ਼ੌਕਤ ਅਹਿਮਦ ਪਰ੍ਹੇ, ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਸਾਕਸ਼ੀ ਸਾਹਨੀ, ਵਿਸ਼ੇਸ਼ ਸਕੱਤਰ ਵੈਲਫੇਅਰ ਡਿਪਾਰਟਮੈਂਟ ਸਕੱਤਰ ਸਿੱਖਿਆ ਵਿਭਾਗ ਤੇ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਦੇ ਨਾਲ ਏਸੀਐਫਏ ਸੌਰਵ ਗੁਪਤਾ ਤੇ ਐਚ ਆਰ ਮੈਨੇਜਰ ਦੀਪਸ਼ਿਖਾ ਮੀਟਿੰਗ ’ਚ ਹਾਜ਼ਰ ਰਹੇ। ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ਼ ਯੂਨੀਅਨ ਵੱਲੋਂ ਡਾ. ਵਾਹਿਦ ਮਲੇਰਕੋਟਲਾ, ਦਿਨੇਸ਼ ਕੁਮਾਰ ਪਟਿਆਲਾ ਤੇ ਸੁਖਜੀਤ ਸਿੰਘ ਰੋਪੜ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਦੀਆਂ ਮੰਗਾਂ ਰੱਖਦੇ ਹੋਏ ਪਿਛਲੇ 20 ਸਾਲਾਂ ਤੋਂ ਠੇਕੇ ਉੱਪਰ ਨਿਗੂਣੀਆ ਤਨਖਾਹਾਂ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਮੰਗ ਰੱਖੀ। ਕਮੇਟੀ ਪੈਨਲ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਵਿਭਾਗ ਨੂੰ ਸਪੱਸ਼ਟ ਹਦਾਇਤਾਂ ਜਾਰੀ ਕਰਦੇ ਹੋਏ ਪੰਜ ਦਿਨਾਂ ਦੇ ਅੰਦਰ ਅੰਦਰ ਇਹਦੀ ਪ੍ਰਪੋਜਲ ਬਣਾ ਕੇ ਫਾਈਨੈਂਸ ਵਿਭਾਗ ਨੂੰ ਭੇਜਣ ਲਈ ਕਿਹਾ ਤੇ ਕਿਸੇ ਅੰਤਿਮ ਫ਼ੈਸਲੇ ਲਈ 30 ਨਵੰਬਰ ਨੂੰ ਇੱਕ ਅਹਿਮ ਮੀਟਿੰਗ ਇਸ ਪੈਨਲ ਵੱਲੋਂ ਦੁਬਾਰਾ ਕਰਨ ਦਾ ਫ਼ੈਸਲਾ ਲਿਆ। ਯੂਨੀਅਨ ਆਗੂਆਂ ਨੇ ਉਮੀਦ ਜਤਾਈ ਹੈ ਕਿ ਸਰਕਾਰ ਪਿਛਲੇ 20 ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਦੇ ਪੱਕੇ ਹੱਲ ਲਈ ਕੋਈ ਠੋਸ ਨੀਤੀ ਬਹੁਤ ਜਲਦ ਜਾਰੀ ਕਰੇਗੀ। ਇਸ ਮੌਕੇ ਤੇ ਯੂਨੀਅਨ ਆਗੂ ਰਾਮ ਸਿੰਘ ਕਪੂਰਥਲਾ , ਡਾਕਟਰ ਜਤਿੰਦਰ, ਜਸਬੀਰ ਸਿੰਘ ਬਰਨਾਲਾ, ਜਗਦੀਪ ਫਗਵਾੜਾ, ਰਣਜੀਤ ਕੌਰ ਬਠਿੰਡਾ ਆਦਿ ਹਾਜ਼ਰ ਰਹੇ ।