ਪਿੰਡ ਚੁਹਾਣਕੇ ਕਲਾਂ ਦੀ ਧੀ ਸੋਨੀ ਕੌਰ ਨੇ ਕੌਮੀ ਪੱਧਰ ’ਤੇ ਚਮਕਾਇਆ ਪੰਜਾਬ ਦਾ ਨਾਮ ਪਿੰਡ ਚੁਹਾਣਕੇ ਕਲਾਂ ਦੀ ਧੀ ਸੋਨੀ ਕੌਰ ਨੇ ਕੌਮੀ ਪੱਧਰ ’ਤੇ ਚਮਕਾਇਆ ਪੰਜਾਬ ਦਾ ਨਾਮ
Publish Date: Wed, 28 Oct 2026 05:25 PM (IST)
Updated Date: Wed, 28 Oct 2026 05:28 PM (IST)
ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ਦੇ ਪਿੰਡ ਚੁਹਾਣਕੇ ਕਲਾਂ ਨਾਲ ਸਬੰਧਤ ਹੋਣਹਾਰ ਅਥਲੀਟ ਸੋਨੀ ਕੌਰ ਪੁੱਤਰੀ ਕੁਲਵੀਰ ਸਿੰਘ ਨੇ ਆਪਣੀ ਮਿਹਨਤ, ਲਗਨ ਤੇ ਖੇਡ ਪ੍ਰਤੀ ਸਮਰਪਣ ਸਦਕਾ ਕੌਮੀ ਪੱਧਰ ’ਤੇ ਸ਼ਾਨਦਾਰ ਪ੍ਰਾਪਤੀ ਕਰਕੇ ਪਿੰਡ, ਇਲਾਕੇ ਤੇ ਪੰਜਾਬ ਦਾ ਮਾਣ ਵਧਾਇਆ ਹੈ। ਚੇਨਈ ਵਿਖੇ ਚੱਲ ਰਹੀ ਜੂਨੀਅਰ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਸੋਨੀ ਕੌਰ ਨੇ 4 ਗੁਣਾ 100 ਮੀਟਰ ਮਿਕਸਡ ਰਿਲੇਅ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਤੇ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਸੋਨੀ ਕੌਰ ਦੀ ਇਸ ਪ੍ਰਾਪਤੀ ਨਾਲ ਉਸ ਦੇ ਜੱਦੀ ਪਿੰਡ ਚੁਹਾਣਕੇ ਕਲਾਂ ਸਮੇਤ ਪੂਰੇ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ। ਉਸ ਨੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸਾਬਤ ਕੀਤਾ ਹੈ ਕਿ ਦ੍ਰਿੜ੍ਹ ਇਰਾਦੇ, ਸਖ਼ਤ ਮਿਹਨਤ ਤੇ ਲਗਾਤਾਰ ਅਭਿਆਸ ਨਾਲ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਸੋਨੀ ਕੌਰ ਹੁਸ਼ਿਆਰਪੁਰ ਦੇ ਲਾਜਵੰਤੀ ਸਟੇਡੀਅਮ ਵਿਖੇ ਆਪਣੇ ਕੋਚ ਬਲਜੀਤ ਸਿੰਘ ਦੀ ਦੇਖ-ਰੇਖ ਹੇਠ ਐਥਲੈਟਿਕਸ ਦੀ ਸਿਖਲਾਈ ਪ੍ਰਾਪਤ ਕਰ ਰਹੀ ਹੈ। ਉਹ ਆਪਣੀ ਸਰੀਰਕ ਸਮਰੱਥਾ ਤੇ ਫਿਟਨੈੱਸ ਨੂੰ ਹੋਰ ਬਿਹਤਰ ਬਣਾਉਣ ਲਈ ਨਿਯਮਿਤ ਅਭਿਆਸ ਕਰਦੀ ਹੈ। ਸੋਨੀ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਅਵਤਾਰ ਸਿੰਘ ਤੇ ਐਥਲੈਟਿਕਸ ਕੋਚ ਬਲਬੀਰ ਸਿੰਘ ਨੇ ਉਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਮਯਾਬੀ ਉਸ ਦੀ ਸਖ਼ਤ ਮਿਹਨਤ, ਲਗਨ, ਅਨੁਸ਼ਾਸਨ ਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸੋਨੀ ਕੌਰ ਆਉਣ ਵਾਲੇ ਸਮੇਂ ’ਚ ਵੀ ਆਪਣੀਆਂ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਦਿਆਂ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰੇਗੀ। ਸੋਨੀ ਕੌਰ ਦੀ ਇਸ ਪ੍ਰਾਪਤੀ ਨੇ ਨੌਜਵਾਨਾਂ, ਖ਼ਾਸ ਕਰਕੇ ਲੜਕੀਆਂ ਲਈ ਪ੍ਰੇਰਨਾਦਾਇਕ ਮਿਸਾਲ ਪੇਸ਼ ਕੀਤੀ ਹੈ ਕਿ ਮਿਹਨਤ ਤੇ ਦ੍ਰਿੜ੍ਹ ਇਰਾਦੇ ਨਾਲ ਖੇਡਾਂ ਦੇ ਖੇਤਰ ’ਚ ਵੀ ਨਵੀਆਂ ਉਚਾਈਆਂ ਛੂਹੀਆਂ ਜਾ ਸਕਦੀਆਂ ਹਨ। ਇਲਾਕਾ ਨਿਵਾਸੀਆਂ ਨੂੰ ਇਸ ਹੋਣਹਾਰ ਧੀ ਤੋਂ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਦੀ ਉਮੀਦ ਹੈ।