ਪਿੰਡ ਗੁਰਮ ਵਿਖੇ ਮਨਰੇਗਾ ਮਜਦੂਰਾਂ ਦੀ ਮੀਟਿੰਗ ਹੋਈ ਪਿੰਡ ਗੁਰਮ ਵਿਖੇ ਮਨਰੇਗਾ ਮਜਦੂਰਾਂ ਦੀ ਮੀਟਿੰਗ ਹੋਈ
Publish Date: Wed, 28 Oct 2026 05:19 PM (IST)
Updated Date: Wed, 28 Oct 2026 05:22 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਪਿੰਡ ਗੁਰਮ ਦੇ ਮਨਰੇਗਾ ਮਜ਼ਦੂਰ ਤਿੰਨ ਨਵੰਬਰ ਨੂੰ 11 ਵਜੇ ਧੂਰੀ ਦਾਣਾ ਮੰਡੀ ’ਚ ਸੀਟੂ ਦੇ ਸੱਦੇ ਤੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ’ਚ ਸ਼ਾਮਲ ਹੋਣਗੇ। ਇਹ ਫੈਸਲਾ ਇਥੇ ਸ਼ਹੀਦ ਭਗਤ ਸਿੰਘ ਪਾਰਕ ’ਚ ਯੂਨੀਅਨ ਦੇ ਆਗੂਆਂ ਸਾਥੀ ਬਲਵੀਰ ਸਿੰਘ, ਚੇਤ ਰਾਮ, ਕੇਵਲ ਸਿੰਘ, ਕਰਮਜੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ ਪ੍ਰਭਾਵਸ਼ਾਲੀ ਮੀਟਿੰਗ ’ਚ ਕੀਤਾ ਗਿਆ। ਮੀਟਿੰਗ ਨੂੰ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਪ੍ਰਧਾਨ ਕਾਮਰੇਡ ਸ਼ੇਰ ਸਿੰਘ ਫਰਵਾਹੀ ਤੇ ਸੀਟੂ ਤੇ ਸੂਬਾਈ ਆਗੂ ਮਾਨ ਸਿੰਘ ਗੁਰਮ ਨੇ ਸੰਖੇਪ ’ਚ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਪੱਧਰੀ ਰੈਲੀ ਧੂਰੀ ਹਲਕੇ ਤੋਂ ਐਮਐਲਏ ਬਣ ਕੇ ਮੁੱਖ ਮੰਤਰੀ (ਪੰਜਾਬ) ਬਣੇ ਭਗਵੰਤ ਮਾਨ ਨੂੰ ਚੋਣਾਂ ਸਮੇਂ ਐਲਾਨ ਕਰਕੇ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਨ ਲਈ ਤੇ ਯਾਦ ਕਰਵਾਉਣ ਵਾਸਤੇ ਧੂਰੀ ਦਾਣਾ ਮੰਡੀ ’ਚ ਕੀਤੀ ਜਾ ਰਹੀ ਹੈ । ਜਿਸ ’ਚ ਪੰਜਾਬ ਦੇ ਹਜ਼ਾਰਾਂ ਕਿਰਤੀ, ਨਰੇਗਾ, ਭੱਠਾ ਭਵਨ ਤੇ ਉਸ ਹੋਰ ਉਸਾਰੀ ਦੇ ਕੰਮਾਂ ਦੇ ਮਜ਼ਦੂਰ,ਮਿਡ ਡੇ ਮੀਲ, ਆਸ਼ਾ, ਆਂਗਣਵਾੜੀ, ਗ੍ਰਾਮ ਰੁਜ਼ਗਾਰ ਸੇਵਕ, ਟਰਾਂਸਪੋਰਟ, ਪੇਂਡੂ ਚੌਂਕੀਦਾਰ, ਸਫਾਈ, ਫੈਕਟਰੀ ਤੇ ਮੰਡੀ ਕਾਮੇ ਸ਼ਾਮਿਲ ਹੋਣਗੇ। ਮਜ਼ਦੂਰ ਆਗੂਆਂ ਨੇ ਕਿਹਾ ਕਿ ਮਨਰੇਗਾ ਦੇ ਜਿਆਦਾ ਕੰਮ ਦੇਣ ਬਾਰੇ, ਬੰਦ ਕੀਤੇ ਕੰਮ ਚਾਲੂ ਕੀਤੇ ਜਾਣ, ਨਰੇਗਾ ਨੂੰ ਬਹਾਲ ਕਰਾਉਣ, ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਅਤੇ ਵੀ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਨ, ਕੰਮ ਦੇ ਤਿੰਨ ਵਧਾ ਕੇ 200 ਸਲਾਨਾ ਤੇ ਦਿਹਾੜੀ 800/- ਕਰਨ, ਠੇਕੇਦਾਰੀ ਸਿਸਟਮ ਬੰਦ ਕਰਕੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣ, ਸਕੀਮ ਵਰਕਰਾਂ ਠੇਕਾ/ਕੱਚੇ ਕਾਮਿਆਂ ਨੂੰ ਰੈਗੂਲਰ ਕਰਨ, ਤਨਖਾਹ ਵਧਾ ਕੇ 42 ਹਜਾਰ ਰੁਪਏ ਮਹੀਨਾ ਕਰਨ, ਪੈਨਸ਼ਨ ਘੱਟੋ ਘੱਟ ਵਧਾ ਕੇ 10 ਹਜਾਰ ਮਹੀਨਾ ਕੀਤੇ ਜਾਣ, ਪੁਰਾਣੀ ਪੈਂਨਸ਼ਨ ਬਹਾਲ ਕਰਨ ਵਰਗੇ ਮੁੱਦਿਆਂ ਨੂੰ ਹੱਲ ਕਰਨ ਤੋਂ ਪੰਜਾਬ ਸਰਕਾਰ ਭੱਜ ਰਹੀ ਹੈ। ਇਸ ਮੌਕੇ ਪਰਮਜੀਤ ਕੌਰ ਅਮਨਦੀਪ ਕੌਰ ਨਛੱਤਰ ਸਿੰਘ ਕਰਮਜੀਤ ਕੌਰ ਹਰਜੀਤ ਕੌਰ ਰਣਜੀਤ ਕੌਰ ਬਲਜੀਤ ਕੌਰ ਵਗੈਰਾ ਆਗੂ ਵੀ ਸ਼ਾਮਿਲ ਸਨ।