ਮ੍ਰਿਤਕ ਦੇਹਾਂ ਦੀ ਬੇਕਦਰੀ ਕਰ ਰਹੀ ਮਾਨ ਸਰਕਾਰ : ਚੱਕ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਤੋਂ ਬਾਅਦ ਹੁਣ ਮ੍ਰਿਤਕ ਦੇਹਾਂ ਦੀ ਬੇਕਦਰੀ ਕਰ ਰਹੀ ਹੈ ਮਾਨ ਸਰਕਾਰ: ਕਮਲਜੀਤ ਸਿੰਘ ਚੱਕ
Publish Date: Wed, 28 Oct 2026 05:11 PM (IST)
Updated Date: Wed, 28 Oct 2026 05:13 PM (IST)
ਕੈਪਸ਼ਨ-ਕਮਲਜੀਤ ਸਿੰਘ ਚੱਕ। ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਬਦਲਣ ਦੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ, ਪਰ ਅੱਜ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਤੇ ਮੁਲਾਜ਼ਮਾਂ ਤੋਂ ਬਾਅਦ ਦੁਖੀ ਪਰਿਵਾਰਾਂ ਨੂੰ ਵੀ ਇਨਸਾਫ਼ ਲਈ ਸੜਕਾਂ ’ਤੇ ਰੁਲਣਾ ਪੈ ਰਿਹਾ ਹੈ। ਸੂਬਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਗੁਲਜ਼ਾਰ ਸਿੰਘ ਤੁਰਬੰਜਾਰਾ ਤੇ ਸਮਨਦੀਪ ਸਿੰਘ ਕਨੋਈ ਦੇ ਮਾਮਲਿਆਂ ’ਚ ਪਰਿਵਾਰਾਂ ਦੀ ਸਹਿਮਤੀ ਤੋਂ ਬਿਨਾਂ ਅੰਤਿਮ ਸੰਸਕਾਰ ਕੀਤੇ ਜਾਣ ਦੇ ਦੋਸ਼ ਸਾਹਮਣੇ ਆਏ ਤੇ ਹੁਣ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਨਸ਼ਿਆਂ ਕਾਰਨ ਹੋਈ ਮੌਤ ਤੋਂ ਬਾਅਦ ਇਨਸਾਫ਼ ਦੀ ਮੰਗ ਲਈ ਮਾਨਸਾ ਧਰਨੇ ’ਚ ਜਾ ਰਹੇ ਪਰਿਵਾਰ ਤੋਂ ਮ੍ਰਿਤਕ ਦੇਹ ਖੋਹਣ ਦੌਰਾਨ ਉਸ ਦੀ ਬੇਕਦਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਦੁਖਦਾਈ ਤੇ ਸ਼ਰਮਨਾਕ ਹੈ ਕਿ ਜਿਸ ਪੰਜਾਬ ’ਚ ਕਿਸੇ ਵਿਅਕਤੀ ਦੀ ਵਿਦੇਸ਼ ’ਚ ਮੌਤ ਹੋਣ ’ਤੇ ਉਸ ਦੀ ਮ੍ਰਿਤਕ ਦੇਹ ਵਤਨ ਲਿਆਉਣ ਲਈ ਸਰਕਾਰ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾਂਦੇ ਸਨ, ਤਾਂ ਜੋ ਪਰਿਵਾਰ ਆਪਣੇ ਵਿਛੜੇ ਜੀਅ ਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਕਰ ਸਕੇ।