- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਐੱਸਡੀ ਕਾਲਜ ਬਰਨਾਲਾ ਨੇ ਯੁਵਕ ਮੇਲੇ ’ਚ ਮਾਰੀਆਂ ਮੱਲਾਂ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਬਰਨਾਲਾ-ਮਾਲੇਰਕੋਟਲਾ ਜ਼ੋਨ ਦੇ ਯੁਵਕ ਮੇਲੇ ’ਚ ਐੱਸਐੱਸਡੀ ਕਾਲਜ ਬਰਨਾਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਫਸਟ ਰਨਰ-ਅੱਪ ਟਰਾਫ਼ੀ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਕਾਲਜ ਨੇ ਕੁੱਲ 38 ਆਈਟਮਾਂ ’ਚ ਪੁਜ਼ੀਸ਼ਨਾਂ ਹਾਸਲ ਕਰਨ ਦੇ ਨਾਲ-ਨਾਲ ਓਵਰਆਲ ਸੰਗੀਤ ਤੇ ਓਵਰਆਲ ਡਾਂਸ ਦੀਆਂ ਟਰਾਫ਼ੀਆਂ ਵੀ ਆਪਣੇ ਨਾਮ ਕੀਤੀਆਂ। ਇਸ ਮਾਣਮੱਤੀ ਪ੍ਰਾਪਤੀ ਨਾਲ ਕਾਲਜ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਸਮੁੱਚੀ ਮੈਨੇਜਮੈਂਟ ’ਚ ਖੁਸ਼ੀ ਦੀ ਲਹਿਰ ਦੌੜ ਗਈ। ਕਾਲਜ ਦੇ ਚੇਅਰਮੈਨ ਡਾ. ਪਿਨਾਂਕ ਮੌਦਗਿੱਲ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਆਪਣੀ ਪ੍ਰਤਿਭਾ ਤੇ ਮਿਹਨਤ ਨਾਲ ਕਾਲਜ ਦਾ ਨਾਮ ਰੌਸ਼ਨ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ, ਆਤਮ-ਵਿਸ਼ਵਾਸ ਤੇ ਸਿਰਜਣਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਮੰਚ ਹਨ। ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਵਿਦਿਆਰਥੀਆਂ ਨੂੰ ਭਵਿੱਖ ’ਚ ਹੋਰ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਅਧਿਆਪਕਾਂ, ਇੰਚਾਰਜਾਂ ਤੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਵੀ ਇਸੇ ਤਰ੍ਹਾਂ ਸਫ਼ਲਤਾ ਹਾਸਲ ਕਰਨ ਦੀ ਕਾਮਨਾ ਕੀਤੀ। ਕਾਲਜ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਵੀ ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਪੂਰੀ ਟੀਮ ਦੀ ਏਕਤਾ, ਲਗਨ, ਅਨੁਸ਼ਾਸਨ ਤੇ ਸਮਰਪਣ ਦਾ ਨਤੀਜਾ ਹੈ। ਇਸ ਦੇ ਪਿੱਛੇ ਪ੍ਰਿੰਸੀਪਲ, ਅਧਿਆਪਕਾਂ, ਇੰਚਾਰਜਾਂ ਤੇ ਵਿਦਿਆਰਥੀਆਂ ਦੀ ਸਾਂਝੀ ਮਿਹਨਤ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਟਰਾਫ਼ੀਆਂ ਅਤੇ ਮੈਡਲਾਂ ਦੀ ਜਿੱਤ ਨਹੀਂ, ਸਗੋਂ ਕਾਲਜ ਦੀ ਮਜ਼ਬੂਤ ਟੀਮ ਭਾਵਨਾ ਅਤੇ ਸੱਭਿਆਚਾਰਕ ਸਰਗਰਮੀਆਂ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਵੀ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਕੁਮਾਰ ਜਿੰਦਲ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਯੂਥ ਕੋਆਰਡੀਨੇਟਰ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਗੁਰਪਿਆਰ ਸਿੰਘ ਨੇ ਯੁਵਕ ਮੇਲੇ ਦੌਰਾਨ ਸਾਡੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਅਤੇ ਯੋਗ ਅਗਵਾਈ ਪ੍ਰਦਾਨ ਕੀਤੀ। ਉਨ੍ਹਾਂ ਦੇ ਬਿਹਤਰੀਨ ਯਤਨਾਂ ਸਦਕਾ ਕਾਲਜ ਚੰਗੇ ਨਤੀਜੇ ਹਾਸਲ ਕਰਨ ਤੇ ਮੈਡਲ ਜਿੱਤਣ ਵਿੱਚ ਸਫ਼ਲ ਰਿਹਾ।ਯੁਵਕ ਮੇਲੇ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਸੰਗੀਤ ਅਤੇ ਡਾਂਸ ਤੋਂ ਇਲਾਵਾ ਫਾਈਨ ਆਰਟਸ ਅਤੇ ਲੋਕ ਕਲਾਵਾਂ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰੋ. ਗੁਰਪਿਆਰ ਸਿੰਘ ਨੇ ਅੰਤ ਵਿੱਚ ਸਾਰੇ ਕਨਵੀਨਰਾਂ, ਇੰਚਾਰਜਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਮੈਂਬਰ ਨੇ ਆਪਣੀ ਜ਼ਿੰਮੇਵਾਰੀ ਪੂਰੀ ਲਗਨ ਨਾਲ ਨਿਭਾਈ ਹੈ। ਉਨ੍ਹਾਂ ਕਾਲਜ ਮੈਨੇਜਮੈਂਟ, ਚੇਅਰਮੈਨ ਡਾ. ਪਿਨਾਂਕ ਮੌਦਗਿੱਲ, ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਅਤੇ ਪ੍ਰਿੰਸੀਪਲ ਡਾ. ਰਾਕੇਸ਼ ਕੁਮਾਰ ਜਿੰਦਲ ਵੱਲੋਂ ਮਿਲੇ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਐੱਸ.ਐੱਸ.ਡੀ. ਕਾਲਜ ਬਰਨਾਲਾ ਦੀ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਪ੍ਰਤਿਭਾ, ਅਧਿਆਪਕਾਂ ਦੀ ਸਮਰਪਿਤ ਭਾਵਨਾ ਅਤੇ ਮੈਨੇਜਮੈਂਟ ਦੇ ਸਹਿਯੋਗ ਦਾ ਸਾਂਝਾ ਨਤੀਜਾ ਹੈ। ਓਵਰਆਲ ਫਸਟ ਰਨਰ-ਅੱਪ ਟਰਾਫ਼ੀ, ਓਵਰਆਲ ਸੰਗੀਤ ਅਤੇ ਡਾਂਸ ਦੀਆਂ ਟਰਾਫ਼ੀਆਂ ਅਤੇ 38 ਆਈਟਮਾਂ ਵਿੱਚ ਪ੍ਰਾਪਤ ਕੀਤੀਆਂ ਪੁਜ਼ੀਸ਼ਨਾਂ ਨੇ ਕਾਲਜ ਦੇ ਮਾਣ ਵਿੱਚ ਵਾਧਾ ਕੀਤਾ ਹੈ।