ਡੀਸੀ ਦਫ਼ਤਰ ਬਰਨਾਲਾ ਦਾ ਦਿਨ-ਰਾਤ ਘਿਰਾਓ ਦੂਜੇ ਦਿਨ ਵੀ ਜਾਰੀ ਡੀਸੀ ਦਫ਼ਤਰ ਬਰਨਾਲਾ ਦਾ ਦਿਨ-ਰਾਤ ਘਿਰਾਓ ਦੂਜੇ ਦਿਨ ਵੀ ਜਾਰੀ
Publish Date: Tue, 06 Oct 2026 04:38 PM (IST)
Updated Date: Wed, 07 Oct 2026 04:05 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਦੇ ਕੀਤੇ ਜਾ ਰਹੇ ਦਿਨ-ਰਾਤ ਦੇ ਘਿਰਾਓ ਦੇ ਦੂਜੇ ਦਿਨ ਵੀ ਸੰਘਰਸ਼ ਜਾਰੀ ਰਿਹਾ। ਬਰਨਾਲਾ ਵਿਖੇ ਮਾਵਾਂ-ਭੈਣਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਡੀਸੀ ਕੰਪਲੈਕਸ ਦਾ ਮੁਕੰਮਲ ਘਿਰਾਓ ਕੀਤਾ। ਬੀਤੀ ਰਾਤ ਸੂਬਾ ਪੱਧਰੀ ਸੱਦੇ ਤਹਿਤ ਰਾਤ 8 ਵਜੇ ਤੋਂ 12 ਵਜੇ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਪਿੱਟ ਸਿਆਪਾ ਕੀਤਾ ਗਿਆ ਤੇ ਡੀਸੀ ਬਰਨਾਲਾ ਦੀ ਰਿਹਾਇਸ਼ ਅੱਗੇ ਪੁਤਲਾ ਫੂਕਿਆ ਗਿਆ। ਸਵੇਰੇ 8 ਵਜੇ ਤੋਂ ਡੀਸੀ ਕੰਪਲੈਕਸ ਬਰਨਾਲਾ ਦੇ ਸਾਰੇ ਦਫ਼ਤਰਾਂ ਸਮੇਤ ਐੱਸਐੱਸਪੀ ਦਫ਼ਤਰਾਂ ਦਾ ਵੀ ਮੁਕੰਮਲ ਘਿਰਾਓ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਭਰ ਦੇ ਡੀਸੀ ਕੰਪਲੈਕਸਾਂ ’ਚ ਮੁਲਾਜ਼ਮਾਂ ਨੂੰ ਦਫ਼ਤਰਾਂ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਤੇ ਹਰਦੀਪ ਸਿੰਘ ਟੱਲੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਤੇ ਕੁੱਲ ਵਰਗਾਂ ਦੇ ਦੁੱਖ-ਦਰਦ ਸੁਣਨ ਦੀ ਬਜਾਏ ਪੱਕੀ ਘੇਸਲ ਵੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦਿਨ-ਪ੍ਰਤੀਦਿਨ ਅਸਮਾਨ ਨੂੰ ਛੂਹ ਰਹੀ ਹੈ ਤੇ ਘਰੇਲੂ ਰਸੋਈ ਤੇ ਖੇਤੀ ਖੇਤਰ ’ਚ ਵਰਤੀਆਂ ਜਾਣ ਵਾਲੀਆਂ ਵਸਤਾਂ ’ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੈ। ਆਗੂਆਂ ਨੇ ਕਿਹਾ ਕਿ ਖੰਡ, ਆਟਾ, ਚੌਲ, ਤੇਲ, ਪੈਟਰੋਲ ਸਮੇਤ ਰੋਜ਼ਮਰ੍ਹਾ ਦੀਆਂ ਵਸਤਾਂ ਦੀਆਂ ਕੀਮਤਾਂ ’ਚ ਵੱਡਾ ਵਾਧਾ ਹੋਇਆ ਹੈ। ਆਗੂਆਂ ਨੇ ਦੱਸਿਆ ਕਿ 13 ਅਕਤੂਬਰ ਨੂੰ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ’ਤੇ ਤਿੰਨ ਮੁੱਖ ਮੰਤਰੀ ਅਤੇ 12 ਮੁੱਖ ਸਕੱਤਰਾਂ ਨਾਲ ਮੀਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ, ਬੁੱਕਣ ਸਿੰਘ ਸੱਦੋਵਾਲ, ਖਜ਼ਾਨਚੀ ਭਗਤ ਸਿੰਘ, ਕ੍ਰਿਸ਼ਨ ਸਿੰਘ ਛੰਨਾ, ਲਖਬੀਰ ਕੌਰ ਧਨੌਲਾ, ਅਮਰਜੀਤ ਕੌਰ ਬਡਬਡ, ਬਿੰਦਰ ਪਾਲ ਕੌਰ ਭਦੌੜ, ਮਨਜੀਤ ਕੌਰ ਕਾਨੇ ਕੇ, ਸੁਖਦੇਵ ਕੌਰ ਠੂਲੀਵਾਲ ਆਦਿ ਆਗੂ ਹਾਜ਼ਰ ਸਨ।