- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨ ਨੂੰ ਕੁੱਟਮਾਰ ਕਰਕੇ ਕੀਤਾ ਗੰਭੀਰ ਜਖਮੀ, ਨੌਜਵਾਨ ਵੱਲੋਂ ਅਗਵਾ ਕਰਕੇ ਕੁੱਟਮਾਰ ਕਰਨ ਦੇ ਦੋਸ਼

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਭੈਣੀ ਜੱਸਾ ’ਚ ਨੌਕਰ ਨਾਲ ਹੋਈ ਕੁੱਟਮਾਰ ਦੇ ਵਿਵਾਦ ਨੇ ਗੰਭੀਰ ਰੂਪ ਧਾਰ ਲਿਆ ਹੈ। ਇੱਕ ਧਿਰ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਨੌਕਰ ਦੀ ਕੁੱਟਮਾਰ ਦਾ ਬਦਲਾ ਲੈਣ ਲਈ ਵਿਰੋਧੀ ਧਿਰ ਦੇ ਨੌਜਵਾਨ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਸੁੰਨਸਾਨ ਜਗ੍ਹਾ ’ਤੇ ਲਿਜਾਇਆ ਗਿਆ, ਜਿੱਥੇ ਕਰੀਬ ਦੋ ਘੰਟੇ ਤੱਕ ਉਸ ਦੀ ਕੁੱਟਮਾਰ ਕੀਤੀ ਗਈ। ਬਾਅਦ ’ਚ ਉਸ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਦੇ ਬਾਹਰ ਛੱਡਣ ਦਾ ਦੋਸ਼ ਹੈ। ਹਸਪਤਾਲ ਧਨੌਲਾ ਵਿਖੇ ਇਲਾਜ ਅਧੀਨ ਗੁਰਦਾਸ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਗੌੜਾ ਦੇ ਨੌਕਰ ਨੀਡੂ ਨਾਲ ਕਿਸੇ ਗੱਲ ਨੂੰ ਲੈ ਕੇ ਉਸ ਦਾ ਝਗੜਾ ਹੋਇਆ ਸੀ। ਇਸ ਦੌਰਾਨ ਨੀਡੂ ਦੇ ਲੱਤ ਤੇ ਪੱਟ ’ਤੇ ਸੱਟਾਂ ਲੱਗੀਆਂ ਸਨ। ਗੁਰਦਾਸ ਸਿੰਘ ਨੇ ਦੋਸ਼ ਲਾਇਆ ਕਿ ਇਸੇ ਰੰਜਿਸ਼ ਕਾਰਨ 26 ਸਤੰਬਰ ਦੀ ਰਾਤ ਕਰੀਬ 11 ਵਜੇ ਗੌੜਾ ਸਮੇਤ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਧਰਮਿੰਦਰ ਸਿੰਘ ਧੰਨਾ, ਅਮਨਾ, ਮਾਣਾ ਤੇ ਕੁਝ ਹੋਰ ਵਿਅਕਤੀ ਦੋ ਗੱਡੀਆਂ, ਸਕਾਰਪੀਓ ਅਤੇ ਬਲੈਰੋ, ਵਿੱਚ ਉੱਥੇ ਪਹੁੰਚੇ। ਗੁਰਦਾਸ ਸਿੰਘ ਅਨੁਸਾਰ, ਉਕਤ ਵਿਅਕਤੀਆਂ ਨੇ ਉਸ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਗੱਡੀ ’ਚ ਬਿਠਾਇਆ ਤੇ ਕਿਸੇ ਸੁੰਨਸਾਨ ਜਗ੍ਹਾ ’ਤੇ ਲੈ ਗਏ। ਉੱਥੇ ਕਰੀਬ ਦੋ ਘੰਟੇ ਤੱਕ ਉਸ ਦੀ ਕੁੱਟਮਾਰ ਕੀਤੀ ਗਈ। ਉਸ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਸ ਦੇ ਕੰਨਾਂ ਦੀਆਂ ਸੋਨੇ ਦੀਆਂ ਨੱਤੀਆਂ, ਕਰੀਬ 10 ਹਜ਼ਾਰ ਰੁਪਏ ਨਕਦ, ਹੱਥ ਦਾ ਕੜਾ ਤੇ ਉਂਗਲ ’ਚ ਪਾਈ ਛਾਪ ਵੀ ਕਥਿਤ ਤੌਰ ’ਤੇ ਜ਼ਬਰਦਸਤੀ ਲਾਹ ਲਈ ਗਈ। ਉਸ ਨੇ ਦੱਸਿਆ ਕਿ ਛਾਪ ਲਾਹੁਣ ਦੌਰਾਨ ਉਸ ਦੀ ਉਂਗਲ ’ਤੇ ਵੀ ਸੱਟ ਲੱਗੀ। ਬਾਅਦ ’ਚ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦੇ ਬਾਹਰ ਛੱਡ ਦਿੱਤਾ ਗਿਆ।
ਗੁਰਦਾਸ ਸਿੰਘ ਨੇ ਦੋਸ਼ ਲਾਇਆ ਕਿ ਮਾਮਲੇ ’ਚ ਸ਼ਾਮਲ ਕੁਝ ਵਿਅਕਤੀ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ ਤੇ ਸਿਆਸੀ ਪ੍ਰਭਾਵ ਕਾਰਨ ਉਸ ਨਾਲ ਇਹ ਘਟਨਾ ਵਾਪਰੀ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਪੁਲਿਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।
ਦੋਸ਼ੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ
ਦੂਜੇ ਪਾਸੇ, ਗੌੜਾ ਨੇ ਗੁਰਦਾਸ ਸਿੰਘ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦਾਸ ਸਿੰਘ ਵੱਲੋਂ ਉਨ੍ਹਾਂ ਦੇ ਨੌਕਰ ਨੀਡੂ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਹੁਣ ਉਨ੍ਹਾਂ ਖ਼ਿਲਾਫ਼ ਅਗਵਾ ਅਤੇ ਕੁੱਟਮਾਰ ਦੀ ਝੂਠੀ ਕਹਾਣੀ ਬਣਾਈ ਜਾ ਰਹੀ ਹੈ।
-------
ਪੁਲਿਸ ਨੂੰ ਦੋਵਾਂ ਧਿਰਾਂ ਦੇ ਮੈਡੀਕਲ ਰੁੱਕੇ ਮਿਲੇ
ਥਾਣਾ ਧਨੌਲਾ ਦੀ ਐੱਸਐੱਚਓ ਇੰਸਪੈਕਟਰ ਕਮਲਜੀਤ ਕੌਰ ਨੇ ਦੱਸਿਆ ਕਿ ਹਸਪਤਾਲ ਵੱਲੋਂ ਦੋਵਾਂ ਧਿਰਾਂ ਦੇ ਮੈਡੀਕਲ ਰੁੱਕੇ ਪੁਲਿਸ ਨੂੰ ਪ੍ਰਾਪਤ ਹੋ ਚੁੱਕੇ ਹਨ। ਪੁਲਿਸ ਵੱਲੋਂ ਦੋਵਾਂ ਧਿਰਾਂ ਦੀਆਂ ਸੱਟਾਂ, ਬਿਆਨਾਂ ਅਤੇ ਘਟਨਾ ਨਾਲ ਸਬੰਧਤ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।