ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਦੀਆਂ ਗੱਡੀਆਂ ਹਾਦਸਾਗ੍ਰਸਤ ਨੈਸ਼ਨਲ ਹਾਈਵੇ ’ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਦੀਆਂ ਗੱਡੀਆਂ ਹਾਦਸਾਗ੍ਰਸਤ
Publish Date: Tue, 29 Sep 2026 04:58 PM (IST)
Updated Date: Wed, 30 Sep 2026 04:03 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ’ਤੇ ਪਿੰਡ ਖੁੱਡੀ ਖੁਰਦ ਨੇੜੇ ਮੰਗਲਵਾਰ ਦੁਪਹਿਰ ਕਰੀਬ 12 ਵਜੇ ਉਸ ਸਮੇਂ ਵੱਡਾ ਸੜਕ ਹਾਦਸਾ ਹੋਣੋਂ ਟਲ ਗਿਆ, ਜਦੋਂ ਪਰਮੇਸ਼ਰ ਦੁਆਰ ਦੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਸਾਥੀਆਂ ਸਮੇਤ ਕਾਫ਼ਲੇ ਰਾਹੀਂ ਬਰਨਾਲਾ ਤੋਂ ਬਠਿੰਡਾ ਵੱਲ ਜਾ ਰਹੇ ਸਨ। ਇਸ ਦੌਰਾਨ ਕਾਫ਼ਲੇ ’ਚ ਸ਼ਾਮਲ ਕੁਝ ਗੱਡੀਆਂ ਹਾਦਸਾਗ੍ਰਸਤ ਹੋ ਗਈਆਂ ਤੇ ਇੱਕ ਟੈਂਪੂ ਟਰੈਵਲਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ, ਹਾਈਵੇ ਦੇ ਡਿਵਾਈਡਰ ਦੀ ਸਫਾਈ ਲਈ ਲੱਗਾ ਇੱਕ ਟਰੈਕਟਰ-ਟਰਾਲੀ ਸੜਕ ਦੇ ਕਿਨਾਰੇ ਖੜ੍ਹਾ ਸੀ। ਕਾਫ਼ਲਾ ਜਦੋਂ ਖੁੱਡੀ ਖੁਰਦ ਨੇੜੇ ਪਹੁੰਚਿਆ ਤਾਂ ਅਚਾਨਕ ਵਾਹਨਾਂ ਦੀ ਆਵਾਜਾਈ ਦੌਰਾਨ ਹਾਦਸਾ ਵਾਪਰ ਗਿਆ। ਕਾਫ਼ਲੇ ’ਚ ਸ਼ਾਮਲ ਟੈਂਪੂ ਟਰੈਵਲਰ ਦੇ ਚਾਲਕ ਵੱਲੋਂ ਸੂਝ-ਬੂਝ ਨਾਲ ਵਾਹਨ ਨੂੰ ਸੰਭਾਲਣ ਕਾਰਨ ਵੱਡਾ ਹਾਦਸਾ ਟਲ ਗਿਆ। ਇਸ ਦੌਰਾਨ ਇੱਕ ਬੱਸ ਵੱਲੋਂ ਵੀ ਕੱਟ ਮਾਰੇ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ਮੀਡੀਆ ਕਰਮੀ ਮੌਕੇ ’ਤੇ ਪਹੁੰਚੇ। ਇਸ ਦੌਰਾਨ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕ ਗੱਡੀ ’ਚ ਸਵਾਰ ਸਨ। ਪੱਤਰਕਾਰਾਂ ਵੱਲੋਂ ਉਨ੍ਹਾਂ ਦਾ ਹਾਲ-ਚਾਲ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਉਹ ਬਿਲਕੁਲ ਠੀਕ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਕਾਫ਼ਲਾ ਬਠਿੰਡਾ ਵੱਲ ਮੁੜ ਰਵਾਨਾ ਹੋ ਗਿਆ। ਕਾਫ਼ਲੇ ’ਚ ਸ਼ਾਮਲ ਕੁਝ ਜਥੇਦਾਰਾਂ ਨੇ ਦੋਸ਼ ਲਾਇਆ ਕਿ ਹਾਈਵੇ ’ਤੇ ਸਫਾਈ ਲਈ ਟਰੈਕਟਰ-ਟਰਾਲੀ ਨੂੰ ਸਾਵਧਾਨੀ ਤੋਂ ਬਿਨਾਂ ਖੜ੍ਹਾ ਕੀਤਾ ਗਿਆ ਸੀ, ਜਿਸ ਕਾਰਨ ਹਾਦਸੇ ਦਾ ਖ਼ਤਰਾ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਟੈਂਪੂ ਟਰੈਵਲਰ ਦੇ ਚਾਲਕ ਦੀ ਸੂਝ-ਬੂਝ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੂਜੇ ਪਾਸੇ, ਡਿਵਾਈਡਰ ਦੀ ਸਫਾਈ ਲਈ ਤਾਇਨਾਤ ਟਰੈਕਟਰ ਚਾਲਕ ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਨੇ ਆਪਣਾ ਟਰੈਕਟਰ-ਟਰਾਲੀ ਸੜਕ ’ਤੇ ਖੜ੍ਹਾ ਕੀਤਾ ਹੋਇਆ ਸੀ। ਉਸ ਦੇ ਮੁਤਾਬਕ ਪਿੱਛੋਂ ਆ ਰਹੀ ਇੱਕ ਬੱਸ ਵੱਲੋਂ ਕੱਟ ਮਾਰੇ ਜਾਣ ਕਾਰਨ ਇਹ ਹਾਦਸਾ ਵਾਪਰਿਆ ਤੇ ਇਸ ਦੌਰਾਨ ਵਾਹਨ ਆਪਸ ’ਚ ਟਕਰਾ ਗਏ। ਹਾਦਸੇ ਦੇ ਅਸਲ ਕਾਰਨਾਂ ਸਬੰਧੀ ਮੌਕੇ ’ਤੇ ਮੌਜੂਦ ਵੱਖ-ਵੱਖ ਧਿਰਾਂ ਵੱਲੋਂ ਵੱਖਰੇ ਦਾਅਵੇ ਕੀਤੇ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਲੋਕਾਂ ਦਾ ਵੱਡਾ ਇਕੱਠ ਹੋ ਗਿਆ। ਹਾਲਾਂਕਿ ਘਟਨਾ ਦੌਰਾਨ ਸੜਕ ਸੁਰੱਖਿਆ ਫੋਰਸ ਦੇ ਮੌਕੇ ’ਤੇ ਨਾ ਪਹੁੰਚਣ ਦੀ ਗੱਲ ਵੀ ਸਾਹਮਣੇ ਆਈ। ਹਾਦਸੇ ’ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ, ਜਦਕਿ ਟੈਂਪੂ ਟਰੈਵਲਰ ਸਮੇਤ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਰਣਜੀਤ ਸਿੰਘ ਢੱਡਰੀਆਂ ਵਾਲੇ ਪਰਮੇਸ਼ਰ ਦੁਆਰ ਨਾਲ ਜੁੜੇ ਧਾਰਮਿਕ ਪ੍ਰਚਾਰਕ ਹਨ ਤੇ ਪੰਜਾਬ ਸਮੇਤ ਦੇਸ਼-ਵਿਦੇਸ਼ ’ਚ ਧਾਰਮਿਕ ਪ੍ਰਚਾਰ ਲਈ ਜਾਂਦੇ ਰਹਿੰਦੇ ਹਨ। ਹਾਦਸੇ ਤੋਂ ਬਾਅਦ ਉਨ੍ਹਾਂ ਦਾ ਕਾਫ਼ਲਾ ਬਠਿੰਡਾ ਲਈ ਰਵਾਨਾ ਹੋ ਗਿਆ। ਇਸ ਮਾਮਲੇ ਸਬੰਧੀ ਪਰਮੇਸ਼ਰ ਦੁਆਰ ਦੇ ਕਿਸੇ ਵੀ ਜਥੇਦਾਰ ਨੇ ਮੀਡੀਆ ਸਾਹਮਣੇ ਵਿਸਥਾਰ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।