ਮਹਿਲ ਕਲਾਂ ’ਚ ‘ਆਪ’ ਦੀ ਅੰਦਰੂਨੀ ਲੜਾਈ ਖੁੱਲ੍ਹ ਕੇ ਬਾਹਰ ਆਈ ਮਹਿਲ ਕਲਾਂ ’ਚ ‘ਆਪ’ ਦੀ ਅੰਦਰੂਨੀ ਲੜ੍ਹਾਈ ਖੁੱਲ ਕੇ ਬਾਹਰ ਆਈ
Publish Date: Fri, 25 Sep 2026 06:03 PM (IST)
Updated Date: Sat, 26 Sep 2026 04:01 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਆਮ ਆਦਮੀ ਪਾਰਟੀ ਦੇ ਆਗੂਆਂ ਦੀ ਹਲਕਾ ਮਹਿਲ ਕਲਾਂ ਅੰਦਰ ਚੱਲ ਰਹੀ ਅੰਦਰੂਨੀ ਸਿਆਸੀ ਲੜਾਈ ਹੌਲੀ-ਹੌਲੀ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਵਿਧਾਇਕ ਤੋਂ ਨਾਰਾਜ਼ ਚੱਲ ਰਿਹਾ ਇੱਕ ਧੜਾ ਹੁਣ ਪਾਰਟੀ ਦੀਆਂ ਸਰਗਰਮੀਆਂ ’ਚ ਆਪਣੀ ਵੱਖਰੀ ਹਾਜ਼ਰੀ ਦਰਜ ਕਰਵਾਉਂਦਾ ਨਜ਼ਰ ਆ ਰਿਹਾ ਹੈ। 28 ਸਤੰਬਰ ਨੂੰ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਦੇ ਹੋਣ ਵਾਲੇ ਸਮਾਗਮ ’ਚ ਮਹਿਲ ਕਲਾਂ ਹਲਕੇ ਤੋਂ ਵੱਡੀ ਗਿਣਤੀ ’ਚ ਆਗੂਆਂ ਤੇ ਵਰਕਰਾਂ ਦੀ ਸ਼ਮੂਲੀਅਤ ਨੂੰ ਲੈ ਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਦਫ਼ਤਰ ਵਿਖੇ ਵੱਖਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਵਾਲਮੀਕਿ ਸਮਾਜ ਦੇ ਸੂਬਾਈ ਆਗੂ ਰਿੰਕਾ ਬਾਹਮਣੀਆਂ, ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਸੁਖਵਿੰਦਰ ਦਾਸ ਬਾਵਾ ਤੇ ਬਲਾਕ ਸੰਮਤੀ ਸ਼ੇਰਪੁਰ ਦੇ ਚੇਅਰਮੈਨ ਚਰਨ ਸਿੰਘ ਖੇੜੀ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਹੁਕਮਾਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹਿਲ ਕਲਾਂ ਹਲਕੇ ਤੋਂ ਵੱਡੀ ਗਿਣਤੀ ’ਚ ਪਾਰਟੀ ਆਗੂ ਤੇ ਵਰਕਰ ਲੁਧਿਆਣਾ ਸਮਾਗਮ ’ਚ ਪਹੁੰਚਣਗੇ। ਆਗੂਆਂ ਨੇ ਕਿਹਾ ਕਿ ਸਮਾਗਮ ਨੂੰ ਲੈ ਕੇ ਪਾਰਟੀ ਵਰਕਰਾਂ ਤੇ ਆਗੂਆਂ ’ਚ ਉਤਸ਼ਾਹ ਹੈ ਤੇ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਵਰਕਰਾਂ ਨਾਲ ਸੰਪਰਕ ਕਰਕੇ ਸ਼ਮੂਲੀਅਤ ਯਕੀਨੀ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਲੁਧਿਆਣਾ ਵਿਖੇ ਹੋਣ ਜਾ ਰਹੇ ਸਮਾਗਮ ਸਬੰਧੀ ਉਹ ਹਲਕਾ ਮਹਿਲ ਕਲਾਂ ਤੋਂ ਵੱਡੀ ਗਿਣਤੀ ’ਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣਗੇ । ਇਸ ਮੌਕੇ ਹਰਪ੍ਰੀਤ ਸਿੰਘ ਟਿੱਬਾ,ਹਰਪ੍ਰੀਤ ਸਿੰਘ ਠੁੱਲੀਵਾਲ,ਅਨਵਰ ਘਨੌਰੀ,ਕੁਲਦੀਪ ਸਿੰਘ,ਸੋਨੂੰ ਜਗਦੇ,ਦਿਲਜੋਤ ਸਿੰਘ ,ਪ੍ਰਦੀਪ ਸਿੰਘ ਤੇ ਜਗਸੀਰ ਸਿੰਘ ਹਾਜ਼ਰ ਸਨ । ------- ਵਿਧਾਇਕ ਤੋਂ ਨਾਰਾਜ਼ਗੀ ਤੇ ਵੱਖਰੀ ਸਿਆਸੀ ਲਾਮਬੰਦੀ ਜ਼ਿਕਰਯੋਗ ਹੈ ਕਿ ਵਿਧਾਇਕ ਤੋਂ ਨਾਰਾਜ਼ ਚੱਲ ਰਹੇ ਇਸ ਧੜੇ ਦੀਆਂ ਵੱਖਰੀਆਂ ਸਿਆਸੀ ਸਰਗਰਮੀਆਂ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਧੜੇ ਵੱਲੋਂ ਆਮ ਆਦਮੀ ਪਾਰਟੀ ਦੇ ਪਲੇਟਫਾਰਮ ’ਤੇ ਰਹਿੰਦਿਆਂ ਆਪਣੀਆਂ ਵੱਖਰੀਆਂ ਮੀਟਿੰਗਾਂ ਤੇ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਵਾਲਮੀਕਿ ਸਮਾਜ ਦੇ ਸੂਬਾਈ ਆਗੂ ਰਿੰਕਾ ਬਾਹਮਣੀਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਤੋਂ ਬਾਅਦ ਹਲਕੇ ਦੀ ਸਿਆਸਤ ’ਚ ਅੰਦਰੂਨੀ ਲੜਾਈ ਖੁੱਲ੍ਹ ਕੇ ਸਾਹਮਣੇ ਆ ਗਈ। ਹੁਣ ਲੁਧਿਆਣਾ ਸਮਾਗਮ ਨੂੰ ਲੈ ਕੇ ਕੀਤੀ ਗਈ ਇਸ ਵੱਖਰੀ ਮੀਟਿੰਗ ਨੇ ਹਲਕੇ ਅੰਦਰ ‘ਆਪ’ ਦੀ ਅੰਦਰੂਨੀ ਜੰਗ ਨੂੰ ਹੋਰ ਉਜਾਗਰ ਕਰ ਦਿੱਤਾ ਹੈ। --------- ਟਕਸਾਲੀ ਵਰਕਰਾਂ ਨੂੰ ਇਕੱਠੇ ਕਰ ਰਿਹਾ ਹੈ ਇਹ ਧੜਾ ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਇਹ ਧੜਾ ਵਿਧਾਇਕ ਤੋਂ ਨਰਾਜ਼ ਜਾ ਨਿਰਾਸ਼ ਦੱਸੇ ਜਾ ਰਹੇ ਪੁਰਾਣੇ ਤੇ ਟਕਸਾਲੀ ਪਾਰਟੀ ਵਰਕਰਾਂ ਨਾਲ ਸੰਪਰਕ ਵਧਾ ਰਿਹਾ ਹੈ। ਹਾਲਾਂਕਿ ਇਸ ਧੜੇ ਵੱਲੋਂ ਪਾਰਟੀ ਤੋਂ ਵੱਖ ਹੋਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਆਗੂ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਨਾਲ ਹੀ ਜੋੜ ਕੇ ਪੇਸ਼ ਕਰ ਰਹੇ ਹਨ। ਆਉਣ ਵਾਲੇ ਸਮੇਂ ’ਚ ਆਮ ਆਦਮੀ ਪਾਰਟੀ ਦੀ ਧੜੇਬੰਦੀ ਭਾਂਬੜ ਬਣੇਗੀ ਜਾਂ ਸਾਂਤ ਹੋਵੇਗੀ ਇਹ ਸਭ ਸਮੇਂ ਦੀ ਬੁੱਕਲ ’ਚ ਹੈ । ਪਰ ਹਾਲ ਦੀ ਘੜੀ ਇਹ ਧੜਾ ਟਕਸਲੀ ਵਰਕਰਾਂ ਨੂੰ ਆਪਣੇ ਨਾਲ ਤੋਰਨ ਲਈ ਯਤਨਸ਼ੀਲ ਹੈ ।