- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਈ.ਐੱਸ. ਕਾਲਜ ’ਚ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਯੰਗ ਸਕਾਲਰਜ਼ ਕਾਲਜ ਵਾਈ.ਐੱਸ. ਕਾਲਜ ਹੰਡਿਆਇਆ ਵਿਖੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮੌਕੇ ਕਾਲਜ ਦੇ ਕਲਾ ਵਿਭਾਗ ’ਤੇ ਰਚਨਾਤਮਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਕਲਾ ਤੇ ਰਚਨਾਤਮਕ ਅਭਿਵਿਅਕਤੀ ਰਾਹੀਂ ਸ਼ਾਂਤੀ, ਸਕੂਨ, ਮਾਨਸਿਕ ਸੁਖ-ਸਾਂਤ ਤੇ ਤਣਾਅ-ਮੁਕਤ ਜੀਵਨ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ। ਇਸ ਮੌਕੇ ਫਾਈਨ ਆਰਟਸ ਦੇ ਅਧਿਆਪਕ. ਕੁਲਵੰਤ ਸਿੰਘ ਗਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਥੀਏਟਰ ਦੇ ਅਧਿਆਪਕ ਸੰਦੀਪ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀ.ਸੀ.ਏ. ਪਹਿਲੇ ਤੇ ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਦਰਸ਼ਕਾਂ ਵਜੋਂ ਪ੍ਰੋਗਰਾਮ ’ਚ ਭਾਗ ਲਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਦੀਪ ਨੇ ਮਨੁੱਖੀ ਜੀਵਨ ’ਚ ਸੰਗੀਤ, ਕਲਾ ਤੇ ਸ਼ਾਂਤੀ ਦੇ ਆਪਸੀ ਸਬੰਧ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਕਲਾ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਅਤੇ ਰਚਨਾਤਮਕਤਾ ਨੂੰ ਕਲਾ ਰਾਹੀਂ ਪ੍ਰਗਟ ਕਰਨ ਦਾ ਮੌਕਾ ਮਿਲਿਆ। ਪ੍ਰੋਗਰਾਮ ਦਾ ਸਮਾਪਨ ਇਸ ਸੰਦੇਸ਼ ਨਾਲ ਹੋਇਆ ਕਿ ਰਚਨਾਤਮਕਤਾ, ਸਦਭਾਵਨਾ ਤੇ ਭਾਵਨਾਤਮਕ ਸੰਤੁਲਨ ਇੱਕ ਸ਼ਾਂਤਮਈ ਤੇ ਸੰਤੁਸ਼ਟ ਜੀਵਨ ਲਈ ਮਹੱਤਵਪੂਰਨ ਹਨ। ਕਾਲਜ ਦੇ ਡਾਇਰੈਕਟਰ ਵਰੁਣ ਭਾਰਤੀ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਦੀ ਮਹੱਤਤਾ ਬਾਰੇ ਦੱਸਿਆ। ਪ੍ਰਿੰਸੀਪਲ ਡਾ. ਗੁਰਪਾਲ ਸਿੰਘ ਰਾਣਾ ਨੇ ਵੀ ਇਸ ਸਮਾਗਮ ਨੂੰ ਸਾਰਥਕ ਤੇ ਰੁਚਿਕਰ ਬਣਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।