- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹੁਰੇ ਪਰਿਵਾਰ ਦੇ ਦਰਾਂ 'ਚ ਧਰਨਾ ਦੇ ਰਹੀ ਔਰਤ ਦੇ ਹੱਕ 'ਚ ਆਏ ਕਿਸਾਨ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਜ਼ਿਲ੍ਹੇ ਦੇ ਪਿੰਡ ਭੈਣੀ ਫੱਤਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਦੀ ਅਗਵਾਈ ਹੇਠ ਇੱਕ ਪੀੜਤ ਵਿਆਹੁਤਾ ਵੱਲੋਂ ਆਪਣੇ ਸਹੁਰੇ ਘਰ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ। ਇਨਸਾਫ਼ ਦੀ ਮੰਗ ਨੂੰ ਲੈ ਕੇ ਪੀੜਤਾ ਅਤੇ ਕਿਸਾਨ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਸੰਦੀਪ ਕੌਰ ਨੇ ਭਾਕਿਯੂ ਸਿੱਧੂਪੁਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਆਗੂ ਇਕਬਾਲ ਸਿੰਘ ਸੱਪਾਂਵਾਲੀ ਤੇ ਹੋਰ ਕਿਸਾਨ ਆਗੂਆਂ ਦੀ ਹਾਜ਼ਰੀ 'ਚ ਦੱਸਿਆ ਕਿ ਉਹ ਮਲੇਸ਼ੀਆ ਗਈ ਹੋਈ ਸੀ, ਜਿੱਥੇ ਉਸ ਦੀ ਮੁਲਾਕਾਤ ਪਿੰਡ ਭੈਣੀ ਫੱਤਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨਾਲ ਹੋਈ। ਸਾਲ 2019 ’ਚ ਹੋਈ ਆਪਸੀ ਦੋਸਤੀ ਤੋਂ ਬਾਅਦ ਦੋਵਾਂ ਨੇ ਸਾਲ 2024 ’ਚ ਪਰਿਵਾਰਕ ਰਜ਼ਾਮੰਦੀ ਨਾਲ ਵਿਆਹ ਕਰਵਾ ਲਿਆ।
ਵਿਆਹ ਤੋਂ ਕੁੱਝ ਸਮੇਂ ਬਾਅਦ ਉਸ ਦਾ ਪਤੀ ਪਹਿਲਾਂ ਕੈਨੇਡਾ ਤੇ ਫਿਰ ਉੱਥੋਂ ਅਮਰੀਕਾ ਚਲਾ ਗਿਆ, ਜਦਕਿ ਸੰਦੀਪ ਕੌਰ ਆਪਣੇ ਸਹੁਰੇ ਘਰ ਪਿੰਡ ਭੈਣੀ ਫੱਤਾ ਵਿਖੇ ਹੀ ਰਹਿ ਰਹੀ ਸੀ। ਪੀੜਤਾ ਅਨੁਸਾਰ, ਪਿਛਲੇ ਮਹੀਨੇ ਆਪਣੀ ਦਾਦੀ ਦੇ ਦੇਹਾਂਤ ਕਾਰਨ ਉਹ ਆਪਣੇ ਪੇਕੇ ਪਿੰਡ ਗਿੱਲ ਗਈ ਹੋਈ ਸੀ। ਜਦੋਂ ਉਸ ਨੇ ਵਾਪਸ ਆਪਣੇ ਸਹੁਰੇ ਘਰ ਆਉਣਾ ਚਾਹਿਆ, ਤਾਂ ਉਸ ਦੀ ਸੱਸ ਨੇ ਉਸ ਨੂੰ ਘਰ ਵੜਨ ਤੋਂ ਮਨ੍ਹਾ ਕਰ ਦਿੱਤਾ ਤੇ ਤਲਾਕ ਮੰਗਣ ਲਈ ਦਬਾਅ ਬਣਾਇਆ। ਹੁਣ ਸਹੁਰਾ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਕਿੱਧਰੇ ਚਲਾ ਗਿਆ ਹੈ।
ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਪਰਿਵਾਰ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਉਣ ਆਏ ਸਨ, ਪਰ ਸਹੁਰੇ ਪਰਿਵਾਰ ਦੇ ਫ਼ਰਾਰ ਹੋਣ ਕਾਰਨ ਉਨ੍ਹਾਂ ਨੂੰ ਗੇਟ ਅੱਗੇ ਧਰਨਾ ਲਾਉਣਾ ਪਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੀੜਤ ਲੜਕੀ ਨੂੰ ਉਸ ਦੇ ਸਹੁਰੇ ਘਰ ਹੱਕ ਦਿਵਾਇਆ ਜਾਵੇਗਾ ਤੇ ਜੇਕਰ ਕਿਸੇ ਕਿਸਮ ਦੀ ਧੱਕੇਸ਼ਾਹੀ ਹੋਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਪੱਖੋ ਕਲਾਂ, ਗੁਰਚਰਨ ਸਿੰਘ ਧੂੜਕੋਟ ਸਮੇਤ ਹੋਰ ਕਿਸਾਨ ਆਗੂ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।