- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਤੀ ਦੇ ਲੰਮੇ ਕੱਟਾਂ 'ਤੇ ਵਿਰੋਧੀਆਂ ਘੇਰੀ 'ਆਪ' ਸਰਕਾਰ

--ਅੱਕੇ ਲੋਕ ਬੋਲੇ : ਲਾਈਟ ਦੇ ਆਉਣ ਦਾ ਨਹੀਂ ਕੋਈ ਵੇਲਾ : ਸਿਆਸੀ ਆਗੂ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਬਰਨਾਲੇ ਸ਼ਹਿਰ ’ਚ ਇਨ੍ਹੀਂ ਦਿਨੀਂ ਰਾਤਾਂ ਨੂੰ ਅਜਿਹਾ ਘੁੱਪ ਹਨੇਰਾ ਤੇ ਹੁੰਮਸ ਪੈ ਰਹੀ ਹੈ ਜੋ ਲੰਘਣ ਦਾ ਨਾਂ ਨਹੀਂ ਲੈਂਦੀ। ਪਿਛਲੇ ਇੱਕ ਹਫ਼ਤੇ ਤੋਂ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ 'ਚ ਬੱਤੀ ਦੇ ਅਜਿਹੇ ਅਣ-ਐਲਾਨੇ ਲੰਮੇ ਕੱਟ ਲੱਗ ਰਹੇ ਨੇ, ਜਿਨ੍ਹਾਂ ਨੇ ਲੋਕਾ ਦਾ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਕਈ-ਕਈ ਮੁਹੱਲਿਆਂ 'ਚ ਤਾਂ ਰਾਤ-ਬਰਾਤੇ 5-5, 6-6 ਘੰਟੇ ਬੱਤੀ ਦਾ ਕੋਈ ਨਾਂ-ਓ-ਨਿਸ਼ਾਨ ਨਹੀਂ ਹੁੰਦਾ। ਸਭ ਤੋਂ ਵੱਡੀ ਬਿਪਤਾ ਇਹ ਹੈ ਜੋ ਨਾ ਤਾਂ ਇਹ ਪਤਾ ਲੱਗਦਾ ਹੈ ਕਿ ਬੱਤੀ ਕਦੋਂ ਜਾਣੀ ਹੈ ਤੇ ਨਾ ਇਹ ਸੁਹ ਪੈਂਦੀ ਹੈ ਕਿ ਮੁੜ ਕੇ ਕਦੋਂ ਆਉਣੀ ਹੈ। ਕਈ ਮਹੱਲਿਆਂ ’ਚ ਤਾਂ ਪੱਕੇ ਲੋਕਾਂ ਨੇ ਪਾਵਰ ਕੌਮ ਤੇ ਸਰਕਾਰ ਖਿਲਾਫ ਸੜਕਾਂ ਜਾਮ ਕਰਕੇ ਰੋਸ ਧਰਨੇ ਦਿੰਦਿਆਂ ਨਾਅਰੇਬਾਜ਼ੀ ਵੀ ਕੀਤੀ ਹੈ। ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਤੇ ਬਰਨਾਲਾ ਤੋਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਕਾਂਗਰਸ ਦੇ ਸ਼ਹਿਰੀ ਬਰਨਾਲਾ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਦੱਸਿਆ ਕਿ ਚੰਦਰੀ ਗਰਮੀ ਤੇ ਹੁੰਮਸ 'ਚ ਪੱਖੇ-ਕੂਲਰ ਖੜ੍ਹ ਜਾਣ ਤਾਂ ਘਰਾਂ ਅੰਦਰ ਬੈਠਣਾ ਦੋਜ਼ਖ਼ ਵਰਗਾ ਹੋ ਜਾਂਦਾ ਹੈ। ਵਿਰੋਧੀ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਸੱਤਾ ਧਿਰ ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਲੰਮੇ ਕੱਟਾਂ ਦੇ ਮਾਰੇ ਇਨਵਰਟਰ ਵੀ ਥੋੜ੍ਹੀ ਦੇਰ ਬਾਅਦ ਧਰਨਾ ਦੇ ਜਾਂਦੇ ਨੇ। ਬੱਤੀ ਜਾਂਦਿਆਂ ਹੀ ਘਰਾਂ ਦੇ ਨਾਲ-ਨਾਲ ਗਲੀਆਂ-ਮੋੜਾਂ 'ਚ ਕਾਲਾ ਬੋਲ਼ਾ ਹਨੇਰਾ ਛਾ ਜਾਂਦਾ ਹੈ, ਉੱਤੋਂ ਮੱਛਰਾਂ ਦੀ ਢਾਣੀ ਬੰਦਿਆਂ ਦਾ ਜਿਉਣਾ ਦੁੱਭਰ ਕਰ ਦਿੰਦੀ ਹੈ।
--ਜਵਾਕਾਂ ਦੀ ਪੜ੍ਹਾਈ ਦਾ ਸਤਿਆਨਾਸ
ਸ਼ਾਮ ਤੇ ਰਾਤ ਦਾ ਵੇਲਾ ਜਵਾਕਾਂ ਦੀ ਪੜ੍ਹਾਈ ਲਈ ਸਭ ਤੋਂ ਖਾਸ ਹੁੰਦਾ ਹੈ, ਪਰ ਬੱਤੀ ਗੁੱਲ ਹੋਣ ਕਰਕੇ ਉਨ੍ਹਾਂ ਦੀ ਪੜ੍ਹਾਈ ਰੁੜ੍ਹਦੀ ਜਾ ਰਹੀ ਹੈ। ਹੰਡਿਆਇਆ ਰੋਡ ਤੋਂ ਓਮ ਸਿਟੀ ਕਲੋਨੀ ਦੇ ਵਾਸੀ ਕੁਲਦੀਪ ਕਪਤਾਨ, ਹੈਪੀ ਸਿੰਗਲਾ, ਦੀਪਕ , ਲੱਕੀ ਆਦਿ ਨੇ ਦੱਸਿਆ ਕਿ ਜਵਾਕਾਂ ਨੂੰ ਫੋਨਾਂ ਦੀਆਂ ਟਾਰਚਾਂ ਜਾਂ ਐਮਰਜੈਂਸੀ ਲਾਈਟਾਂ ਮੂਹਰੇ ਬੈਠ ਕੇ ਅੱਖਾਂ ਫੋੜਨੀਆਂ ਪੈਂਦੀਆਂ ਹਨ। ਪੇਪਰਾਂ ਦੀ ਤਿਆਰੀ 'ਚ ਜੁਟੇ ਜਵਾਕਾਂ ਲਈ ਇਹ ਸਥਿਤੀ ਬੜੀ ਚਿੰਤਾ ਵਾਲੀ ਬਣੀ ਹੋਈ ਹੈ।
--ਬਜ਼ੁਰਗਾਂ ਤੇ ਬਿਮਾਰਾਂ ਦਾ ਬੁਰਾ ਹਾਲ
ਉਮਰਦਰਾਜ਼ ਬਜ਼ੁਰਗਾਂ ਤੇ ਬੀਮਾਰਾਂ ਲਈ ਇਹ ਹੁੰਮਸ ਸਹਾਰਨੀ ਔਖੀ ਹੋਈ ਪਈ ਹੈ। ਪਿੰਡਾਂ ਦੀਆਂ ਸੱਥਾਂ ਚ ਬੈਠੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਦਿਨ ਭਰ ਦੀ ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਰਾਤ ਨੂੰ ਆਰਾਮ ਨਾਲ ਸੌਣ ਦੀ ਥਾਂ ਬੱਤੀ ਆਉਣ ਦੀਆਂ ਬਾਟਾਂ ਤੱਕਣੀਆਂ ਪੈਂਦੀਆਂ ਹਨ।
--ਮੋਟਰਾਂ ਬੰਦ, ਟੂਟੀਆਂ 'ਚੋਂ ਪਾਣੀ ਸੁੱਕਿਆ
ਬੱਤੀ ਦੇ ਕੱਟਾਂ ਦਾ ਡੰਗ ਸਿਰਫ਼ ਪੱਖਿਆਂ ਤੱਕ ਨਹੀਂ ਰਿਹਾ, ਪਾਣੀ ਵਾਲੀਆਂ ਮੋਟਰਾਂ ਨਾ ਚੱਲਣ ਕਰਕੇ ਘਰਾਂ ’ਚ ਪਾਣੀ ਦੀ ਧੜੱਲੇ ਨਾਲ ਤੋਟ ਆ ਰਹੀ ਹੈ। ਘਰੇਲੂ ਕੰਮ-ਕਾਰ ਵੀ ਬੱਤੀ ਦੇ ਹਿਸਾਬ-ਕਿਤਾਬ ਨਾਲ ਕਰਨੇ ਪੈਂਦੇ ਹਨ। ਸ਼ਹਿਰ ਬਰਨਾਲਾ ’ਚੋਂ ਮਹਿਲਾ ਨੈਨਸੀ ਸਿੰਗਲਾ, ਮਨਪ੍ਰੀਤ ਕੌਰ, ਭਾਵਨਾ ਸ਼ਰਮਾ ਆਦਿ ਨੇ ਦੱਸਿਆ ਕਿ ਜੇ ਇੱਕ ਵਾਰ ਬੱਤੀ ਜਾ ਕੇ ਘੰਟਿਆਂਬੱਧੀ ਨਾ ਆਵੇ ਤਾਂ ਘਰ ਦਾ ਸਾਰਾ ਰੁਟੀਨ ਹੀ ਵਿਗੜ ਜਾਂਦਾ ਹੈ।
--ਮਹਿਕਮੇ ਦੇ ਬਹਾਨਿਆਂ ਤੋਂ ਲੋਕ ਔਖੇ
ਜਦੋਂ ਵੀ ਬਿਜਲੀ ਮਹਿਕਮੇ ਫੋਨ ਲਾਓ ਤਾਂ ਅੱਗੋਂ ਇੱਕੋ ਹੀ ਰਟਿਆ-ਰਟਾਇਆ ਜਵਾਬ ਮਿਲਦਾ ਹੈ,,‘ਪਿੱਛੋਂ ਫਾਲਟ ਹੈ’ ਜਾਂ ‘ਮੁਰੰਮਤ ਚੱਲ ਰਹੀ ਹੈ।’ ਸ਼ਹਿਰ ਦੇ ਲੋਕ ਪੁੱਛਦੇ ਨੇ ਕਿ ਜੇਕਰ ਮੁਰੰਮਤ ਕਰਨੀ ਹੁੰਦੀ ਹੈ ਤਾਂ ਪਹਿਲਾਂ ਢੋਲ ਪਿੱਟ ਕੇ ਦੱਸਿਆ ਕਿਉਂ ਨਹੀਂ ਜਾਂਦਾ? ਤੇ ਜੇ ਫਾਲਟ ਪੈ ਗਿਆ ਹੈ ਤਾਂ ਉਹ ਕਿਹੜਾ ਅਸਮਾਨੀ ਫਾਲਟ ਹੈ ਜੋ ਘੰਟਿਆਂਬੱਧੀ ਠੀਕ ਹੀ ਨਹੀਂ ਹੁੰਦਾ? ਸਮੱਸਿਆ ਸਿਰਫ਼ ਬੱਤੀ ਜਾਣ ਦੀ ਨਹੀਂ, ਸਗੋਂ ਮਹਿਕਮੇ ਵੱਲੋਂ ਕੋਈ ਪੱਕੀ ਜਾਣਕਾਰੀ ਨਾ ਦੇਣ ਦੀ ਵੀ ਹੈ।
--ਨਿਰਵਿਘਨ ਬੱਤੀ ਦੇ ਦਾਅਵੇ ਕਿੱਥੇ ਗਏ?
ਇਨ੍ਹਾਂ ਲੰਮੇ ਕੱਟਾਂ ਨੇ ਸਰਕਾਰ ਦੇ 24 ਘੰਟੇ ਬੱਤੀ ਦੇਣ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਬਰਨਾਲਾ ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸੰਜੀਵ ਸ਼ੋਰੀ, ਸੀਨੀਅਰ ਐਡਵੋਕੇਟ ਰੁਪਿੰਦਰ ਸੰਧੂ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਤੇ ਕਾਂਗਰਸ ਦੇ ਸੀਨੀਅਰ ਆਗੂ ਮੱਖਣ ਸ਼ਰਮਾ, ਅਕਾਲੀ ਆਗੂ ਬੇਅੰਤ ਸਿੰਘ ਬਾਠ ਆਦਿ ਨੇ ਪੰਜਾਬ ਸਰਕਾਰ ਤੇ ਬਿਜਲੀ ਮਹਿਕਮੇ ਦੇ ਵੱਡੇ ਅਫ਼ਸਰਾਂ ਤੋਂ ਮੰਗ ਕੀਤੀ ਹੈ ਕਿ ਬਰਨਾਲੇ 'ਚ ਬਿਜਲੀ ਸਪਲਾਈ ਦਾ ਤੁਰੰਤ ਨਿਰੀਖਣ ਕੀਤਾ ਜਾਵੇ ਤੇ ਇਨ੍ਹਾਂ ਅਣ-ਐਲਾਨੇ ਕੱਟਾਂ ਤੋਂ ਛੁਟਕਾਰਾ ਦਿਵਾਇਆ ਜਾਵੇ। ਸਿਆਸੀ ਆਗੂਆਂ ਤੇ ਬਰਨਾਲੇ ਸ਼ਹਿਰ ਦੇ ਲੋਕਾਂ ਨੇ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇ ਬੱਤੀ ਕੱਟਣੀ ਜ਼ਰੂਰੀ ਹੀ ਹੈ ਤਾਂ ਘੱਟੋ-ਘੱਟ ਪਹਿਲਾਂ ਟਾਈਮ ਦੱਸਿਆ ਜਾਵੇ ਤਾਂ ਜੋ ਬੰਦਾ ਆਪਣੇ ਹਿਸਾਬ ਨਾਲ ਜੋੜ-ਤੋੜ ਕਰ ਸਕੇ। ਉਨਾਂ ਰੋਹ ਭਰੇ ਅੰਦਾਜ਼ ’ਚ ਕਿਹਾ ਕਿ ਜੇਕਰ ਆਉਂਦੇ ਦਿਨਾਂ 'ਚ ਇਹ ਧੱਕਾ ਬੰਦ ਨਾ ਹੋਇਆ ਤਾਂ ਲੋਕਾਂ ਨੂੰ ਬਿਜਲੀ ਮਹਿਕਮੇ ਦੇ ਗੇਟ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਵੇਗਾ।