ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨਾਂ ਵੱਲੋਂ 220 ਕੇਵੀ ਗਰਿੱਡ ਮਹਿਲ ਕਲਾਂ ਅੱਗੇ ਧਰਨਾ ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨਾਂ ਵੱਲੋਂ 220 ਕੇਵੀ ਗਰਿੱਡ ਮਹਿਲ ਕਲਾਂ ਅੱਗੇ ਧਰਨਾ
Publish Date: Sat, 12 Sep 2026 04:20 PM (IST)
Updated Date: Sun, 13 Sep 2026 04:02 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਭਾਰਤੀ ਕਿਸਾਨ ਯੂਨੀਅਨ ਡਕੌਦਾ ਧਨੇਰ ਗਰੁੱਪ ਵੱਲੋਂ ਸਬ ਡਿਵੀਜ਼ਨ ਗਰਿੱਡ 220 ਕੇਵੀ ਮਹਿਲ ਕਲਾਂ ਅੱਗੇ ਖੇਤੀਬਾੜੀ ਸੈਕਟਰ ਲਈ ਬਿਜਲੀ ਕੱਟਾਂ ਨੂੰ ਲੈ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਸਾਥੀ ਗੁਰਦੇਵ ਸਿੰਘ ਮਾਂਗੇਵਾਲ, ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਲਾਕ ਆਗੂ ਸਤਨਾਮ ਸਿੰਘ ਮੂੰਮ, ਸਤਪਾਲ ਸਿੰਘ ਸੋਹੀ ਤੇ ਜੱਸਾ ਸਿੰਘ ਗਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਸੈਕਟਰਾਂ ਲਈ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਝੋਨੇ ਸਮੇਤ ਹੋਰ ਫ਼ਸਲਾਂ ਪੱਕਣ ਦੇ ਨੇੜੇ ਪਹੁੰਚ ਚੁੱਕੀਆਂ ਹਨ ਤੇ ਇਸ ਸਮੇਂ ਫ਼ਸਲਾਂ ਨੂੰ ਪਾਣੀ ਦੀ ਸਭ ਤੋਂ ਵੱਧ ਲੋੜ ਹੈ, ਪਰ ਕਿਸਾਨਾਂ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਨਹੀਂ ਮਿਲ ਰਹੀ। ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਤੋਂ ਮੰਗ ਕੀਤੀ ਖੇਤੀਬਾੜੀ ਸੈਕਟਰਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ’ਚ ਤੁਰੰਤ ਸੁਧਾਰ ਕੀਤਾ ਜਾਵੇ । ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਦੀ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤੇ ਖੇਤੀਬਾੜੀ ਸੈਕਟਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਦਾ ਧਨੇਰ ਵੱਲੋਂ ਇਸ ਮਸਲੇ ਨੂੰ ਲੈ ਕੇ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਕਿਸਾਨ ਆਗੂ ਨਰਿੰਦਰ ਸਿੰਘ ਕਲਾਲ ਮਾਜਰਾ, ਸਾਧੂ ਸਿੰਘ ਮਹਿਲ ਕਲਾਂ, ਲੱਖਾ ਸਿੰਘ ,ਮੱਖਣ ਸਿੰਘ, ਸੀਤਾ ਸਿੰਘ ਵਜੀਦਕੇ, ਹਾਕਮ ਸਿੰਘ, ਬੀਰਾ ਸਿੰਘ ਕੁਰੜ, ਸੋਹਣ ਸਿੰਘ ਬੀਹਲਾ ਖੁਰਦ, ਬਲਵੀਰ ਸਿੰਘ ਮਨਾਲ, ਰਾਜ ਸਿੰਘ ਅਤੇ ਜਗਤਾਰ ਸਿੰਘ ਠੁੱਲੀਵਾਲ ਆਗੂ ਹਾਜ਼ਰ ਸਨ।