ਪਿੰਡ ਅਮਲਾ ਸਿੰਘ ਵਾਲਾ ਨੇੜੇ ਨਾਲੇ ’ਚੋਂ ਨੌਜਵਾਨ ਦੀ ਲਾਸ਼ ਬਰਾਮਦ
ਪਿੰਡ ਅਮਲਾ ਸਿੰਘ ਵਾਲਾ ਨੇੜੇ ਗੰਦੇ ਪਾਣੀ ਦੇ ਨਾਲੇ ’ਚੋਂ ਨੌਜਵਾਨ ਦੀ ਗਲੀ-ਸੜੀ ਲਾਸ਼ ਬਰਾਮਦ
Publish Date: Wed, 19 Aug 2026 06:29 PM (IST)
Updated Date: Thu, 20 Aug 2026 04:00 AM (IST)
ਕੈਪਸ਼ਨ-ਮ੍ਰਿਤਕ ਦੀ ਫਾਈਲ ਫੋਟੋ। ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਥਾਣਾ ਠੁੱਲੀਵਾਲ ਅਧੀਨ ਪੈਂਦੇ ਪਿੰਡ ਅਮਲਾ ਸਿੰਘ ਵਾਲਾ ਨੇੜੇ ਅੱਪ ਲਸਾੜਾ ਡ੍ਰੇਨ ’ਚ ਪਿੰਡ ਵੱਲੋਂ ਪਾਏ ਜਾ ਰਹੇ ਗੰਦੇ ਪਾਣੀ ਦੇ ਨਾਲੇ ਵਿਚੋਂ ਇਕ ਨੌਜਵਾਨ ਹਰਪ੍ਰੀਤ ਸਿੰਘ (33) ਵਾਸੀ ਅਮਲਾ ਸਿੰਘ ਵਾਲਾ ਦੀ ਗਲੀ-ਸੜੀ ਲਾਸ਼ ਬਰਾਮਦ ਹੋਈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ 13 ਅਗਸਤ ਤੋਂ ਆਪਣੇ ਘਰੋਂ ਲਾਪਤਾ ਸੀ। 18 ਅਗਸਤ ਨੂੰ ਕਰੀਬ 3 ਵਜੇ ਅਮਲਾ ਸਿੰਘ ਵਾਲਾ ਨੇੜਿਓਂ ਲੰਘਦੀ ਅੱਪ ਲਸਾੜਾ ਡ੍ਰੇਨ ’ਚ ਪਿੰਡ ਵੱਲੋਂ ਪਾਏ ਜਾ ਰਹੇ ਗੰਦੇ ਪਾਣੀ ਦੇ ਨਾਲੇ ’ਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਲਾਸ਼ ਦੀ ਹਾਲਤ ਕਾਫ਼ੀ ਗਲੀ-ਸੜੀ ਹੋਣ ਕਾਰਨ ਮੌਕੇ ’ਤੇ ਪਛਾਣ ਕਰਨੀ ਮੁਸ਼ਕਲ ਸੀ। ਲਾਸ਼ ਦੀ ਜੇਬ ’ਚੋਂ ਮਿਲੇ ਆਧਾਰ ਕਾਰਡ ਦੇ ਆਧਾਰ ’ਤੇ ਮ੍ਰਿਤਕ ਦੀ ਪਛਾਣ ਸਬੰਧੀ ਜਾਣਕਾਰੀ ਸਾਹਮਣੇ ਆਈ। ਲਾਸ਼ ਮਿਲਣ ਦੀ ਸੂਚਨਾ ਮਿਲਣ ’ਤੇ ਥਾਣਾ ਠੁੱਲੀਵਾਲ ਦੇ ਮੁਖੀ ਅਜੈਬ ਸਿੰਘ ਬਰਨਾਲਾ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਇਸ ਤੋਂ ਬਾਅਦ ਮ੍ਰਿਤਕ ਦੇ ਪਿਤਾ ਵੱਲੋਂ ਸਮੂਹ ਪੰਚਾਇਤ ਦੀ ਹਾਜ਼ਰੀ ’ਚ ਲਾਸ਼ ਦੀ ਸ਼ਨਾਖਤ ਆਪਣੇ ਪੁੱਤਰ ਹਰਪ੍ਰੀਤ ਸਿੰਘ ਵਜੋਂ ਕੀਤੀ ਗਈ। ਪਿਤਾ ਵੱਲੋਂ ਕੀਤੀ ਗਈ ਸ਼ਨਾਖਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਵੀ ਮ੍ਰਿਤਕ ਦੀ ਪਛਾਣ ਦੀ ਪੁਸ਼ਟੀ ਕੀਤੀ ਗਈ।