ਪੰਜਾਬੀ ਸੱਭਿਆਚਾਰ ਦੀਆਂ ਰੰਗੀਨ ਝਲਕੀਆਂ ਨੇ ਬੰਨ੍ਹਿਆ ਰੰਗ ਮਹਿਲ ਕਲਾਂ ਵਿਖੇ ਤੀਆਂ ਦਾ ਮੇਲਾ ਕਰਵਾਇਆ, ਪੰਜਾਬੀ ਸੱਭਿਆਚਾਰ ਦੀਆਂ ਰੰਗੀਨ ਝਲਕੀਆਂ ਨੇ ਬੰਨ੍ਹਿਆ ਰੰਗ
Publish Date: Wed, 19 Aug 2026 06:21 PM (IST)
Updated Date: Thu, 20 Aug 2026 04:00 AM (IST)
ਕੈਪਸ਼ਨ: ਸਰਪੰਚ ਕਿਰਨ ਰਾਣੀ ਜਿਲਾ ਪ੍ਰੀਸਦ ਦੀ ਚੇਅਰਪਰਸਨ ਬੀਬੀ ਰਮਨਦੀਪ ਕੌਰ ਤੇ ਹੋਰਨਾਂ ਸਖਸ਼ੀਅਤਾਂ ਦਾ ਸਨਮਾਨ ਕਰਦੇ ਹੋਏ। * ਗਿੱਧੇ ਦੀਆਂ ਧਮਾਲਾਂ ਤੇ ਪੰਜਾਬੀ ਬੋਲੀਆਂ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ * ਮਹਿਲ ਕਲਾਂ ਚ ਤੀਆਂ ਦਾ ਮੇਲਾ ਕਰਵਾਇਆ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਮਹਿਲ ਕਲਾਂ ਵਿਖੇ ਸਰਪੰਚ ਬੀਬੀ ਕਿਰਨ ਰਾਣੀ ਦੀ ਅਗਵਾਈ ਹੇਠ ਤੀਆਂ ਦਾ ਮੇਲਾ ਬੜੀ ਧੂਮਧਾਮ, ਉਤਸ਼ਾਹ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਕਰਵਾਇਆ ਗਿਆ। ਮੇਲੇ ਵਿੱਚ ਵੱਡੀ ਗਿਣਤੀ ’ਚ ਔਰਤਾਂ ਅਤੇ ਨਗਰ ਵਾਸੀਆਂ ਨੇ ਸ਼ਮੂਲੀਅਤ ਕਰਦਿਆਂ ਪੰਜਾਬੀ ਵਿਰਸੇ ਨਾਲ ਜੁੜੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਪੂਰਾ ਮਾਹੌਲ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰੀਸਦ ਬਰਨਾਲਾ ਦੇ ਚੇਅਰਪਰਸਨ ਬੀਬੀ ਰਮਨਦੀਪ ਕੌਰ ਗੁਮਟੀ ਨੇ ਸ਼ਿਰਕਤ ਕੀਤੀ। ਉਨ੍ਹਾਂ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੀਆਂ ਵਰਗੇ ਸੱਭਿਆਚਾਰਕ ਮੇਲੇ ਪੰਜਾਬ ਦੀ ਅਮੀਰ ਵਿਰਾਸਤ ਦਾ ਅਹਿਮ ਹਿੱਸਾ ਹਨ। ਅਜਿਹੇ ਸਮਾਗਮ ਜਿੱਥੇ ਔਰਤਾਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਪ੍ਰਦਾਨ ਕਰਦੇ ਹਨ, ਉੱਥੇ ਹੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਪੰਜਾਬੀ ਸੱਭਿਆਚਾਰਕ ਰਵਾਇਤਾਂ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ ਸੱਭਿਆਚਾਰਕ ਸਮਾਗਮ ਨਿਰੰਤਰ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਪੰਜਾਬ ਦੀਆਂ ਪੁਰਾਤਨ ਰਵਾਇਤਾਂ, ਲੋਕ-ਗੀਤਾਂ, ਬੋਲੀਆਂ ਅਤੇ ਲੋਕ ਨਾਚਾਂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਈ ਜਾ ਸਕੇ। ਤੀਆਂ ਦੇ ਮੇਲੇ ਦੌਰਾਨ ਔਰਤਾਂ ਵੱਲੋਂ ਗਿੱਧਾ, ਪੰਜਾਬੀ ਬੋਲੀਆਂ ਅਤੇ ਹੋਰ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਗਿੱਧੇ ਦੀਆਂ ਧਮਾਲਾਂ ਅਤੇ ਪੰਜਾਬੀ ਬੋਲੀਆਂ ਨੇ ਮੇਲੇ ਵਿੱਚ ਮੌਜੂਦ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਔਰਤਾਂ ਨੇ ਪੰਜਾਬੀ ਪਹਿਰਾਵੇ ਵਿੱਚ ਸਜ-ਧਜ ਕੇ ਮੇਲੇ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਇਸ ਦੌਰਾਨ ਪੰਜਾਬੀ ਸੱਭਿਆਚਾਰ, ਪੁਰਾਣੀਆਂ ਰਵਾਇਤਾਂ ਅਤੇ ਤੀਆਂ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਮੇਲੇ ਦਾ ਆਨੰਦ ਮਾਣਿਆ ਗਿਆ। ਮੇਲੇ ਵਿੱਚ ਸ਼ਾਮਲ ਨਗਰ ਵਾਸੀਆਂ ਨੇ ਕਿਹਾ ਕਿ ਅਜਿਹੇ ਸਮਾਗਮ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਵਿੱਚ ਵੀ ਸਹਾਈ ਹੁੰਦੇ ਹਨ। ਤੀਆਂ ਦਾ ਮੇਲਾ ਖਾਸ ਤੌਰ ’ਤੇ ਔਰਤਾਂ ਲਈ ਖੁਸ਼ੀ, ਮਿਲਵਰਤਣ ਅਤੇ ਆਪਣੀ ਸੱਭਿਆਚਾਰਕ ਪਛਾਣ ਨੂੰ ਪ੍ਰਗਟ ਕਰਨ ਦਾ ਇੱਕ ਵਿਸ਼ੇਸ਼ ਮੌਕਾ ਬਣਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਮੇਲੇ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਵੱਖ-ਵੱਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਕਿਰਨ ਰਾਣੀ ਤੇ ਯੂਥ ਆਗੂ ਅਰੁਣ ਕੁਮਾਰ ਬਾਂਸਲ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਨਗਰ ਨਿਵਾਸੀਆਂ, ਸਹਿਯੋਗੀਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਹੀ ਤੀਆਂ ਦਾ ਮੇਲਾ ਇੰਨੀ ਵੱਡੀ ਪੱਧਰ ’ਤੇ ਸਫਲ ਹੋ ਸਕਿਆ ਹੈ। ਸਮਾਗਮ ਦੌਰਾਨ ਸਟੇਜ ਦੀ ਭੂਮਿਕਾ ਮੈਡਮ ਬਲਜਿੰਦਰ ਕੌਰ ਅਤੇ ਜਗਮੋਨ ਸਾਹ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਚੇਅਰਮੈਨ ਚਰਨਾ ਖੇੜੀ, ਰਮਨਦੀਪ ਸਿੰਘ ਦੀਪੀ, ਗੁਰਪ੍ਰੀਤ ਸਿੰਘ ਅਣਖੀ, ਆੜਤੀ ਸਰਬਜੀਤ ਸਿੰਘ ਸਰਬੀ, ਗੁਰਦੀਪ ਸਿੰਘ ਸੋਢਾ, ਹੈਪੀ ਔਲਖ, ਸਰਪੰਚ ਗੁਰਪ੍ਰੀਤ ਸਿੰਘ ਨਿਹਾਲੂਵਾਲ, ਸਰਪੰਚ ਕਿਰਨਜੀਤ ਸਿੰਘ ਮਿੰਟੂ, ਬੀਹਲਾ ਸਿੰਘ ਛੀਨੀਵਾਲ, ਪੰਚ ਕੁਲਵਿੰਦਰ ਕੌਰ, ਭਲਿੰਦਰ ਸਿੰਘ ਹਥਨ,ਪੰਚ ਸੰਦੀਪ ਕੌਰ, ਪੰਚ ਮਨਜੀਤ ਸਿੰਘ, ਪੰਚ ਮੱਖਣ ਸਿੰਘ, ਪੰਚ ਰਾਜੂ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨਗਰ ਵਾਸੀ ਅਤੇ ਪਤਵੰਤੇ ਹਾਜ਼ਰ ਸਨ।