- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਰਟੀ ਦੇ ਨਾਂ ’ਤੇ ਸਮਾਨਾਂਤਰ ਇਕਾਈਆਂ ਬਣਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਅਨੁਸ਼ਾਸਨੀ ਕਾਰਵਾਈ: ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਾਰਿਸ ਪੰਜਾਬ ਦੇ ਜਥੇਬੰਦੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਛੇਵੀ ਮਹਿਲ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ, ਪਾਰਟੀ ਦੇ ਅਨੁਸ਼ਾਸਨ ਨੂੰ ਕਾਇਮ ਰੱਖਣ ਤੇ ਜਥੇਬੰਦਕ ਸਰਗਰਮੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਨੇ ਕਿਹਾ ਕਿ ਮਹਿਲ ਕਲਾਂ ਹਲਕੇ ’ਚ ਕੁਝ ਵਿਅਕਤੀਆਂ ਵੱਲੋਂ ਪਾਰਟੀ ਦੇ ਨਾਂ ’ਤੇ ਪਿੰਡ-ਪਿੰਡ ਜਾ ਕੇ ਸਮਾਨਾਂਤਰ ਇਕਾਈਆਂ ਬਣਾਉਣ ਤੇ ਅਹੁਦੇਦਾਰੀਆਂ ਦੇਣ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਜਥੇਬੰਦੀ ਦੇ ਵੱਖ-ਵੱਖ ਅਹੁਦੇਦਾਰਾਂ ਵੱਲੋਂ ਸਬੰਧਤ ਵਿਅਕਤੀਆਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਕਈ ਵਾਰ ਰੋਕਿਆ ਗਿਆ, ਪਰ ਇਸ ਦੇ ਬਾਵਜੂਦ ਇਹ ਕਾਰਵਾਈਆਂ ਜਾਰੀ ਰਹੀਆਂ। ਪਾਰਟੀ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਜ਼ਿਲ੍ਹਾ ਪੱਧਰ ’ਤੇ ਕੋਈ ਅਧਿਕਾਰਤ ਜ਼ਿੰਮੇਵਾਰੀ ਜਾਂ ਅਹੁਦਾ ਨਹੀਂ ਦਿੱਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਦੇ ਨਾਂ ’ਤੇ ਬਿਨਾਂ ਅਧਿਕਾਰ ਇਕਾਈਆਂ ਬਣਾਉਣਾ ਅਤੇ ਅਹੁਦੇਦਾਰ ਨਿਯੁਕਤ ਕਰਨਾ ਪਾਰਟੀ ਦੇ ਜਥੇਬੰਦਕ ਸਿਧਾਂਤਾਂ ਤੇ ਅਨੁਸ਼ਾਸਨ ਦੇ ਉਲਟ ਹੈ। ਪਾਰਟੀ ਦੇ ਅਧਿਕਾਰਤ ਢਾਂਚੇ ਤੋਂ ਬਾਹਰ ਜਾ ਕੇ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਨੇ ਦੱਸਿਆ ਕਿ ਹਰਜੀਤ ਸਿੰਘ ਖਿਆਲੀ ਤੇ ਰਣਜੀਤ ਸਿੰਘ ਖ਼ਿਲਾਫ਼ ਜਥੇਬੰਦੀ ਵੱਲੋਂ ਅਨੁਸ਼ਾਸਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਦੋਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਆਪਣਾ ਲਿਖਤੀ ਪੱਖ ਪੇਸ਼ ਕਰਨ ਲਈ ਪੰਜ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਰਧਾਰਤ ਸਮੇਂ ਅੰਦਰ ਜਵਾਬ ਨਾ ਦੇਣ ਜਾਂ ਜਵਾਬ ਤਸੱਲੀਬਖ਼ਸ਼ ਨਾ ਹੋਣ ਦੀ ਸੂਰਤ ’ਚ ਪਾਰਟੀ ਦੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ, ਜਿਸ ’ਚ ਪਾਰਟੀ ਤੋਂ ਖਾਰਜ ਕਰਨ ਦੀ ਕਾਰਵਾਈ ਵੀ ਸ਼ਾਮਲ ਹੋ ਸਕਦੀ ਹੈ। ਮੀਟਿੰਗ ’ਚ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਜੰਗੀਆਣਾ, ਆਗੂ ਅਵਤਾਰ ਸਿੰਘ ਬੱਬੀ ਰਾਏਸਰ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮਹਿਮਦਪੁਰ, ਜਨਰਲ ਸਕੱਤਰ ਸੁਖਵਿੰਦਰ ਸਿੰਘ ਠੀਕਰੀਵਾਲਾ, ਸਕੱਤਰ ਹਰਜੀਤ ਸਿੰਘ ਸਹਿਜੜਾ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਕੌਰ ਦੀਵਾਨਾ, ਪੂਰਨ ਸਿੰਘ ਗੰਡੇਵਾਲ, ਹਲਕਾ ਪ੍ਰਧਾਨ ਨੈਬ ਸਿੰਘ ਚੀਮਾ, ਬਲਾਕ ਪ੍ਰਧਾਨ ਗੁਰਮੇਲ ਸਿੰਘ ਮਾਂਗੇਵਾਲ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਜਵੰਦਾ, ਆਈ.ਟੀ. ਵਿੰਗ ਪ੍ਰਧਾਨ ਬੇਅੰਤ ਸਿੰਘ ਗੰਡੇਵਾਲ, ਇਕਾਈ ਪ੍ਰਧਾਨ ਸਤਨਾਮ ਸਿੰਘ ਮਹਿਲ ਕਲਾਂ, ਲਖਬੀਰ ਸਿੰਘ, ਬਲਾਕ ਸੈਨਾ ਦੇ ਅਹੁਦੇਦਾਰ ਅਤੇ ਬਲਾਕ ਇਸਤਰੀ ਵਿੰਗ ਦੀ ਪ੍ਰਧਾਨ ਬਿੰਦਰਪਾਲ ਕੌਰ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ। ਉਧਰ ਦੂਜੇ ਪਾਸੇ ਇਸ ਸਬੰਧੀ ਜਦੋ ਹਰਜੀਤ ਸਿੰਘ ਖਿਆਲੀ ਨਾਲ ਸੰਪਰਕ ਕਰਨ ਦੀ ਕੋਸਿਸ ਕੀਤੀ ਤਾਂ ਉਨ੍ਹਾ ਨਾਲ ਸੰਪਰਕ ਨਹੀਂ ਹੋ ਸਕਿਆ ।