- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀ. ਜੀ. ਐੱਸ. ਵਰਲਡ ਸਕੂਲ ’ਚ ਕਿੰਡਰਗਾਰਟਨ ਵੱਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਮਨਾਇਆ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜੀ. ਜੀ. ਐੱਸ. ਵਰਲਡ ਸਕੂਲ ’ਚ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਬੱਚਿਆਂ ਨੂੰ ਜੋੜਨ ਦੇ ਉਦੇਸ਼ ਨਾਲ ਕਿੰਡਰਗਾਰਟਨ ਵਿੰਗ ਵੱਲੋਂ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ, ਖ਼ੁਸ਼ੀ ਤੇ ਰੰਗਾਰੰਗ ਮਾਹੌਲ ਵਿੱਚ ਮਨਾਇਆ ਗਿਆ। ਇਸ ਵਿਸ਼ੇਸ਼ ਸਮਾਗਮ ’ਚ ਨਰਸਰੀ ਤੋਂ ਲੈ ਕੇ ਪਹਿਲੀ ਕਲਾਸ ਤੱਕ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਬੜੇ ਚਾਅ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਸਮਾਗਮ ਦੀ ਅਗਵਾਈ ਸਕੂਲ ਦੇ ਮੁੱਖ ਅਧਿਆਪਕ ਮੈਡਮ ਅਨੁਰਾਧਾ ਸ਼ਰਮਾਂ ਤੇ ਕਿੰਡਰਗਾਰਟਨ ਦੇ ਟੀਚਰਾਂ ਵੱਲੋਂ ਕੀਤੀ ਗਈ। ਤੀਆਂ ਪੰਜਾਬੀ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਖ਼ਾਸ ਤੌਰ ’ਤੇ ਧੀਆਂ, ਕੁੜੀਆਂ ਅਤੇ ਔਰਤਾਂ ਦੀ ਖ਼ੁਸ਼ੀ, ਮਿਲਵਰਤਨ ਅਤੇ ਉਤਸ਼ਾਹ ਨਾਲ ਜੁੜਿਆ ਹੋਇਆ ਹੈ। ਇਸ ਤਿਉਹਾਰ ਦਾ ਮਕਸਦ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਆਉਣ ਵਾਲੀ ਪੀੜ੍ਹੀ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ, ਰਵਾਇਤਾਂ ਅਤੇ ਲੋਕ-ਵਿਰਸੇ ਨਾਲ ਜਾਣੂ ਕਰਵਾਉਣਾ ਵੀ ਹੈ। ਇਸੇ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਦੇ ਕਿੰਡਰਗਾਰਟਨ ਅਧਿਆਪਕਾਂ ਦੀ ਅਗਵਾਈ ਹੇਠ ਬੱਚਿਆਂ ਲਈ ਇਹ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਬੱਚੇ ਬੜੇ ਹੀ ਸੋਹਣੇ ਅਤੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸਜ-ਧਜ ਕੇ ਸਕੂਲ ਪਹੁੰਚੇ। ਨੰਨ੍ਹੀਆਂ ਬੱਚੀਆਂ ਨੇ ਰੰਗ-ਬਿਰੰਗੀਆਂ ਪੰਜਾਬੀ ਪੁਸ਼ਾਕਾਂ, ਫੁਲਕਾਰੀਆਂ, ਪਰਾਂਦੇ ਅਤੇ ਪੰਜਾਬੀ ਗਹਿਣਿਆਂ ਨਾਲ ਪੰਜਾਬਣਾਂ ਦਾ ਰੂਪ ਧਾਰਿਆ ਹੋਇਆ ਸੀ। ਉਨ੍ਹਾਂ ਦੀ ਮਾਸੂਮ ਮੁਸਕਾਨ ਅਤੇ ਰਵਾਇਤੀ ਪਹਿਰਾਵੇ ਨੇ ਸਮਾਗਮ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਛੋਟੇ ਬੱਚੇ ਵੀ ਵੱਖ-ਵੱਖ ਰੰਗਾਂ ਦੇ ਸੁੰਦਰ ਪਹਿਰਾਵਿਆਂ ਵਿੱਚ ਬਹੁਤ ਹੀ ਪਿਆਰੇ ਅਤੇ ਆਕਰਸ਼ਕ ਲੱਗ ਰਹੇ ਸਨ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਤੀਆਂ ਨਾਲ ਸੰਬੰਧਿਤ ਕਈ ਹੋਰ ਮਨਮੋਹਕ ਗਤੀਵਿਧੀਆਂ ਅਤੇ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਬੱਚਿਆਂ ਦੀਆਂ ਮਾਸੂਮ ਅਦਾਵਾਂ, ਖ਼ੁਸ਼ੀ ਭਰੇ ਚਿਹਰੇ ਤੇ ਉਤਸ਼ਾਹ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਉਹ ਪੂਰੇ ਜੋਸ਼ ਨਾਲ ਆਪਣੀਆਂ ਪੇਸ਼ਕਾਰੀਆਂ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆਏ ਅਤੇ ਇਸ ਮੌਕੇ ਦਾ ਖ਼ੂਬ ਆਨੰਦ ਮਾਣਿਆ। ਅਧਿਆਪਕਾਂ ਵੱਲੋਂ ਵੀ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਅਤੇ ਪੰਜਾਬੀ ਸੱਭਿਆਚਾਰਕ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗਮ ਮੌਕੇ ਸਰਦਾਰ ਲਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਬੱਚਿਆਂ ਲਈ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਸੀ, ਬਲਕਿ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਇੱਕ ਸਿੱਖਿਆਦਾਇਕ ਅਤੇ ਅਨੁਭਵਾਤਮਕ ਗਤੀਵਿਧੀ ਵੀ ਸੀ। ਅਜਿਹੀਆਂ ਗਤੀਵਿਧੀਆਂ ਰਾਹੀਂ ਬੱਚਿਆਂ ’ਚ ਆਤਮ-ਵਿਸ਼ਵਾਸ, ਸਟੇਜ ’ਤੇ ਪ੍ਰਦਰਸ਼ਨ ਕਰਨ ਦੀ ਕਲਾ, ਟੀਮ ਵਰਕ, ਰਚਨਾਤਮਕਤਾ ਅਤੇ ਆਪਣੀ ਸੱਭਿਆਚਾਰਕ ਪਛਾਣ ਪ੍ਰਤੀ ਮਾਣ ਦੀ ਭਾਵਨਾ ਵਿਕਸਿਤ ਹੁੰਦੀ ਹੈ। ਜੀ. ਜੀ. ਐੱਸ. ਵਰਲਡ ਸਕੂਲ ਵੱਲੋਂ ਹਮੇਸ਼ਾ ਇਹ ਯਤਨ ਕੀਤਾ ਜਾਂਦਾ ਹੈ ਕਿ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਆਪਣੀ ਭਾਸ਼ਾ, ਸੱਭਿਆਚਾਰ, ਵਿਰਸੇ ਅਤੇ ਰਵਾਇਤਾਂ ਨਾਲ ਵੀ ਜੋੜ ਕੇ ਰੱਖਿਆ ਜਾਵੇ। ਸਕੂਲ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨਾ ਉਨ੍ਹਾਂ ਦੇ ਸਮੁੱਚੇ ਵਿਕਾਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸੇ ਉਦੇਸ਼ ਤਹਿਤ ਭਵਿੱਖ ਵਿੱਚ ਵੀ ਅਜਿਹੇ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਰਹਿਣ ਦਾ ਯਤਨ ਕੀਤਾ ਜਾਵੇਗਾ, ਤਾਂ ਜੋ ਬੱਚੇ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਜਾਣਨ, ਸਮਝਣ ਅਤੇ ਮਾਣ ਨਾਲ ਅਪਣਾਉਣ।