- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੀਨੀਵਾਲ ਕਲਾਂ ਦੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਮਿਲਣ ’ਤੇ ਸਰਕਾਰ ਖ਼ਿਲਾਫ਼ ਰੋਸ

ਪੰਚਾਇਤ ਤੇ ਭਾਕਿਯੂ ਕਾਦੀਆਂ ਵੱਲੋਂ ਮਜ਼ਦੂਰਾਂ ਨੂੰ ਨਿਰਵਿਘਨ ਕੰਮ ਦੇਣ ਦੀ ਮੰਗ
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਛੀਨੀਵਾਲ ਕਲਾਂ ਵਿਖੇ ਅਧਿਕਾਰਤ ਸਰਪੰਚ ਗੁਰਮੀਤ ਸਿੰਘ ਛੀਨੀਵਾਲ ਕਲਾਂ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਮਨਰੇਗਾ ਮਜ਼ਦੂਰਾਂ ਨੂੰ ਲੋੜ ਅਨੁਸਾਰ ਕੰਮ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ ਪਹਿਲ ਦੇ ਆਧਾਰ ’ਤੇ ਮਾਸਟਰ ਰੋਲ ਜਾਰੀ ਕਰਕੇ ਨਿਰਵਿਘਨ ਕੰਮ ਦਿੱਤਾ ਜਾਵੇ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਅਧਿਕਾਰਤ ਸਰਪੰਚ ਗੁਰਮੀਤ ਸਿੰਘ ਛੀਨੀਵਾਲ ਅਤੇ ਮਜ਼ਦੂਰ ਆਗੂ ਪੰਚ ਏਕਮ ਸਿੰਘ ਨੇ ਕਿਹਾ ਕਿ ਇੱਕ ਪਾਸੇ ਸਰਕਾਰਾਂ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ, ਜਦਕਿ ਦੂਜੇ ਪਾਸੇ ਪਿੰਡ ਛੀਨੀਵਾਲ ਕਲਾਂ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਲੋੜ ਅਨੁਸਾਰ ਕੰਮ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਮਜ਼ਦੂਰਾਂ ਲਈ ਆਪਣੇ ਪਰਿਵਾਰਾਂ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਵੀ ਮੁਸ਼ਕਲ ਹੋ ਗਿਆ ਹੈ।ਆਗੂਆਂ ਨੇ ਦੱਸਿਆ ਕਿ ਪਿੰਡ ’ਚ ਮਨਰੇਗਾ ਸਕੀਮ ਤਹਿਤ ਕਰੀਬ 500 ਮਜ਼ਦੂਰ ਕੰਮ ਕਰਨ ਵਾਲੇ ਹਨ, ਜਿਨ੍ਹਾਂ ਵਿੱਚੋਂ ਲਗਭਗ 250 ਮਜ਼ਦੂਰ ਨਿਰਵਿਘਨ ਕੰਮ ਕਰਨ ਲਈ ਤਿਆਰ ਹਨ, ਪਰ ਮਹਿਕਮੇ ਵੱਲੋਂ ਸਿਰਫ਼ ਕੁਝ ਕੁ ਮਜ਼ਦੂਰਾਂ ਦਾ ਹੀ ਮਾਸਟਰ ਰੋਲ ਕੱਢ ਕੇ ਕੰਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਵੱਲੋਂ ਵਾਰ-ਵਾਰ ਸਬੰਧਤ ਅਧਿਕਾਰੀਆਂ ਕੋਲ ਆਪਣੀ ਸਮੱਸਿਆ ਰੱਖਣ ਦੇ ਬਾਵਜੂਦ ਸਾਰੇ ਮਜ਼ਦੂਰਾਂ ਨੂੰ ਮਾਸਟਰ ਰੋਲ ਜਾਰੀ ਕਰਕੇ ਕੰਮ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ।ਉਨ੍ਹਾਂ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸਾਰੇ ਯੋਗ ਮਨਰੇਗਾ ਮਜ਼ਦੂਰਾਂ ਨੂੰ ਮਾਸਟਰ ਰੋਲ ਜਾਰੀ ਕਰਕੇ ਨਿਰਵਿਘਨ ਕੰਮ ਦਿੱਤਾ ਜਾਵੇ, ਮਜ਼ਦੂਰਾਂ ਦੀ ਦਿਹਾੜੀ ਵਿੱਚ ਵਾਧਾ ਕੀਤਾ ਜਾਵੇ ਅਤੇ ਪਹਿਲਾਂ ਕੀਤੇ ਗਏ ਕੰਮਾਂ ਦੀਆਂ ਬਕਾਇਆ ਅਦਾਇਗੀਆਂ ਤੁਰੰਤ ਜਾਰੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਪੂਰਾ ਰੁਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਮਾਮਲੇ ਨੂੰ ਹੋਰ ਲਟਕਾਇਆ ਨਹੀਂ ਜਾਣਾ ਚਾਹੀਦਾ।ਇਸ ਮੌਕੇ ਪੰਚ ਗੁਰਸੇਵਕ ਸਿੰਘ, ਸੰਦੀਪ ਕੌਰ, ਸਤਨਾਮ ਸਿੰਘ, ਸਾਬਕਾ ਪੰਚ ਰਾਜਾ ਸਿੰਘ, ਨਿਰਭੈ ਸਿੰਘ, ਮਜ਼ਦੂਰ ਆਗੂ ਪਰਮਜੀਤ ਸਿੰਘ, ਭੋਲਾ ਸਿੰਘ, ਦਰਸ਼ਨ ਸਿੰਘ, ਕਾਲਾ ਸਿੰਘ, ਚਰਨਜੀਤ ਕੌਰ, ਭਿੰਦਰ ਕੌਰ, ਬੇਅੰਤ ਕੌਰ, ਹਰਬੰਸ ਕੌਰ, ਨਿਰਮਲ ਸਿੰਘ, ਅਮਰਜੀਤ ਸਿੰਘ ਅਤੇ ਆਦਰੀ ਸਮੇਤ ਹੋਰ ਪੰਚਾਇਤ ਮੈਂਬਰ, ਮਜ਼ਦੂਰ ਅਤੇ ਪਿੰਡ ਵਾਸੀ ਹਾਜ਼ਰ ਸਨ। ਆਗੂਆਂ ਨੇ ਮੁੜ ਜ਼ੋਰ ਦੇ ਕੇ ਕਿਹਾ ਕਿ ਪਿੰਡ ਦੇ ਸਾਰੇ ਮਨਰੇਗਾ ਮਜ਼ਦੂਰਾਂ ਲਈ ਮਾਸਟਰ ਰੋਲ ਕੱਢ ਕੇ ਉਨ੍ਹਾਂ ਨੂੰ ਪੂਰਾ ਅਤੇ ਨਿਰਵਿਘਨ ਕੰਮ ਦਿੱਤਾ ਜਾਵੇ। ਉਧਰ ਦੂਜੇ ਪਾਸੇ ਨਰੇਗਾ ਬਲਾਕ ਮਹਿਲ ਕਲਾਂ ਦੇ ਜੇਈ ਇੰਦਰਜੀਤ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਪਹਿਲਾਂ ਮਨਰੇਗਾ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਸੀ ਜਿਸ ਕਰਕੇ ਇਹ ਸਮੱਸਿਆ ਆਈ ਸੀ ਪਰ ਹੁਣ ਸਰਕਾਰ ਵੱਲੋਂ ਜੀ ਰਾਮ ਜੀ. ਸ਼ੁਰੂ ਕੀਤੀ ਸਕੀਮ ਤਹਿਤ ਸਾਰੇ ਮਜ਼ਦੂਰਾਂ ਨੂੰ ਪਹਿਲ ਦੇ ਅਧਾਰ ਤੇ ਮਾਸਟਰ ਰੌਲ ਕੱਢ ਕੇ ਕੰਮ ਦਿੱਤਾ ਜਾਵੇਗਾ।