‘ਸਵਦੇਸ਼ੀ ਮੈਗਾ ਟਰੇਡ ਐਕਸਪੋ’ ’ਚ ਜੀਐੱਸਟੀ. ਚੋਰੀ ਦੀ ਸ਼ੰਕਾ ਬਰਨਾਲਾ ਦੇ ‘ਸਵਦੇਸ਼ੀ ਮੈਗਾ ਟਰੇਡ ਐਕਸਪੋ’ ’ਚ ਵੱਡੀ ਪੱਧਰ ’ਤੇ ਜੀ.ਐੱਸ.ਟੀ. ਚੋਰੀ ਦੀ ਸ਼ੰਕਾ
Publish Date: Thu, 06 Aug 2026 08:00 PM (IST)
Updated Date: Fri, 07 Aug 2026 04:08 AM (IST)
ਆਬਕਾਰੀ ਵਿਭਾਗ ਵਲੋਂ ਜਾਂਚ ਦੇ ਹੁਕਮ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਸਥਾਨਕ ਅਨਾਜ ਮੰਡੀ ਵਿਖੇ ਚੱਲ ਰਹੇ ‘ਸਵਦੇਸ਼ੀ ਮੈਗਾ ਟਰੇਡ ਐਕਸਪੋ-2026’ ਵਿਖੇ ਜਿੱਥੇ ਵੱਡੀ ਪੱਧਰ ’ਤੇ ਬੇਨਿਯਮੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਹੀ ਸਰਕਾਰੀ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਜੀ.ਐੱਸ.ਟੀ. ਦੀ ਚੋਰੀ ਕੀਤੇ ਜਾਣ ਦਾ ਮਾਮਲਾ ਵੀ ਗਰਮਾ ਗਿਆ ਹੈ। ਮੇਲਾ ਪ੍ਰਬੰਧਕਾਂ ਵਲੋਂ ਟਿਕਟਾਂ ਦੀ ਵਿਕਰੀ ਲਈ ਅਪਣਾਏ ਜਾ ਰਹੇ ਗਲਤ ਢੰਗ-ਤਰੀਕੇ ਸਿੱਧੇ ਤੌਰ ’ਤੇ ਟੈਕਸ ਚੋਰੀ ਵੱਲ ਇਸ਼ਾਰਾ ਕਰ ਰਹੇ ਹਨ। ਬਾਕਸ-- ਟਿਕਟਾਂ ਦੀ ਵਿਕਰੀ ’ਚ ਵੱਡੀ ਹੇਰਾਫੇਰੀ ਪ੍ਰਾਪਤ ਜਾਣਕਾਰੀ ਅਨੁਸਾਰ ਮੇਲੇ ਦੇ ਮੁੱਖ ਗੇਟ ’ਚ ਦਾਖ਼ਲ ਹੋਣ ਲਈ ਪ੍ਰਬੰਧਕਾਂ ਵਲੋਂ 50 ਰੁਪਏ ਦੀ ਟਿਕਟ ਲਗਾਈ ਗਈ ਹੈ। ਸਰਕਾਰੀ ਨਿਯਮਾਂ ਅਨੁਸਾਰ ਗ੍ਰਾਹਕ ਨੂੰ ਅੱਧੀ ਟਿਕਟ ਵਾਪਸ ਮਿਲਣੀ ਚਾਹੀਦੀ ਹੈ ਤਾਂ ਜੋ ਵਿਕਰੀ ਦਾ ਸਹੀ ਰਿਕਾਰਡ ਕਾਇਮ ਰਹਿ ਸਕੇ। ਪਰ ਇਸ ਦੇ ਉਲਟ, ਗੇਟ ’ਤੇ ਤਾਇਨਾਤ ਸਟਾਫ਼ ਵਲੋਂ ਗ੍ਰਾਹਕ ਤੋਂ ਪੂਰੀ ਟਿਕਟ ਲੈ ਕੇ ਮੌਕੇ ’ਤੇ ਹੀ ਫਾੜ ਦਿੱਤੀ ਜਾਂਦੀ ਹੈ। ਬਿਨਾਂ ਕੋਈ ਰਸੀਦ ਜਾਂ ਅੱਧੀ ਟਿਕਟ ਦਿੱਤੇ ਟਿਕਟਾਂ ਨੂੰ ਖ਼ੁਰਦ-ਬੁਰਦ ਕਰਨ ਦੀ ਇਹ ਪ੍ਰਕਿਰਿਆ ਦਰਸਾਉਂਦੀ ਹੈ ਕਿ ਰੋਜ਼ਾਨਾ ਵਿਕਣ ਵਾਲੀਆਂ ਹਜ਼ਾਰਾਂ ਟਿਕਟਾਂ ਨੂੰ ਜੀ.ਐੱਸ.ਟੀ. ਰਿਕਾਰਡ ’ਚ ਨਹੀਂ ਦਿਖਾਇਆ ਜਾ ਰਿਹਾ। ਬਾਕਸ-- ਸੱਭਿਆਚਾਰਕ ਸ਼ੋਅ ਦੇ ਨਾਂ ’ਤੇ ਵੀ ਵੱਖਰੀ ਉਗਰਾਹੀ ਜ਼ਿਕਰਯੋਗ ਹੈ ਕਿ 30 ਜੁਲਾਈ ਤੋਂ ਸ਼ੁਰੂ ਹੋਇਆ ਇਹ ਮੇਲਾ 9 ਅਗਸਤ ਤੱਕ ਜਾਰੀ ਰਹੇਗਾ। ਮੇਲੇ ’ਚ ਰੋਜ਼ਾਨਾ ਨਾਮਵਰ ਗਾਇਕਾਂ ਦੇ ਸ਼ੋਅ ਕਰਵਾਏ ਜਾ ਰਹੇ ਹਨ, ਜਿਨ੍ਹਾਂ ਨੂੰ ਸੁਣਨ ਲਈ ਹਜ਼ਾਰਾਂ ਦੀ ਭੀੜ ਉਮੜ ਰਹੀ ਹੈ। ਗਾਇਕਾਂ ਦੇ ਪੰਡਾਲ ’ਚ ਜਾਣ ਲਈ ਪ੍ਰਬੰਧਕਾਂ ਵਲੋਂ ਵੱਖਰੀ ਟਿਕਟ ਕੱਟੀ ਜਾ ਰਹੀ ਹੈ। ਐਂਟਰੀ ਅਤੇ ਸ਼ੋਅ ਦੀਆਂ ਵੱਖ-ਵੱਖ ਟਿਕਟਾਂ ਰਾਹੀਂ ਰੋਜ਼ਾਨਾ ਲੱਖਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ, ਪਰ ਸਰਕਾਰੀ ਖ਼ਾਤੇ ’ਚ ਟੈਕਸ ਨਾਮਾਤਰ ਹੀ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਬਾਕਸ-- ਜੀਐੱਸਟੀ ਵਿਭਾਗ ਵਲੋਂ ਸਖ਼ਤ ਕਾਰਵਾਈ ਦਾ ਭਰੋਸਾ ਇਸ ਮਾਮਲੇ ਸਬੰਧੀ ਆਬਕਾਰੀ ਤੇ ਕਰ ਵਿਭਾਗ ਦੇ ਈਟੀਓ (ਜੀਐੱਸਟੀ) ਸੁਨੀਲ ਕੁਮਾਰ ਨੇ ਦੱਸਿਆ ਕਿ ਮੇਲਾ ਪ੍ਰਬੰਧਕਾਂ ਵਲੋਂ ਹੁਣ ਤੱਕ ਸਿਰਫ਼ 30,000 ਰੁਪਏ ਹੀ ਜੀ.ਐੱਸ.ਟੀ. ਵਜੋਂ ਜਮ੍ਹਾਂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਗੇਟ ’ਤੇ ਪੂਰੀ ਟਿਕਟ ਵਾਪਸ ਲੈਣਾ ਨਿਯਮਾਂ ਦੀ ਉਲੰਘਣਾ ਹੈ। ਵਿਭਾਗ ਵਲੋਂ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਮੇਲੇ ਦੀ ਸੈਕਸ਼ਨ 71 ਤਹਿਤ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੇਲਾ ਪ੍ਰਬੰਧਕਾਂ ਦੀ ਫਰਮ ਦਾ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਣ ਕਰਕੇ ਉਨ੍ਹਾਂ ਦੀ ਜੀ.ਐੱਸ.ਟੀ. ਰਿਟਰਨ ਉੱਥੇ ਹੀ ਭਰੀ ਜਾਂਦੀ ਹੈ। ਇਸ ਲਈ ਬਰਨਾਲਾ ਵਿਭਾਗ ਵਲੋਂ ਇਸ ਟੈਕਸ ਚੋਰੀ ਦੀ ਪੂਰੀ ਰਿਪੋਰਟ ਤਿਆਰ ਕਰਕੇ ਲੁਧਿਆਣਾ ਦੇ ਜੀ.ਐੱਸ.ਟੀ. ਵਿਭਾਗ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।