ਬਰਨਾਲਾ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ’ਚ ਕਾਰਵਾਈ ਬਰਨਾਲਾ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ 'ਚ ਕਾਰਵਾਈ
Publish Date: Thu, 06 Aug 2026 07:32 PM (IST)
Updated Date: Fri, 07 Aug 2026 04:05 AM (IST)
ਹਾਦਸੇ ’ਚ ਇਕ ਵਿਅਕਤੀ ਦੀ ਮੌਤ ਅਫ਼ੀਮ ਸਮੇਤ ਤਸਕਰ ਗ੍ਰਿਫ਼ਤਾਰ ਤੇ ਡੀਸੀ ਹੁਕਮਾਂ ਦੀ ਉਲੰਘਣਾ ਤੇ ਕੇਸ ਦਰਜ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਨੇ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਖੇਤਰਾਂ ’ਚ ਤੁਰੰਤ ਕਾਰਵਾਈ ਕਰਦਿਆਂ ਤਿੰਨ ਵੱਡੇ ਮਾਮਲੇ ਦਰਜ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿੱਥੇ ਥਾਣਾ ਭਦੌੜ ਪੁਲਿਸ ਨੇ ਇੱਕ ਅਫ਼ੀਮ ਤਸਕਰ ਨੂੰ ਕਾਬੂ ਕੀਤਾ ਹੈ, ਉੱਥੇ ਹੀ ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋਣ ਤੇ ਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਬਦਲੇ ਕੇਸ ਦਰਜ ਕੀਤੇ ਗਏ ਹਨ। ਬਾਕਸ-- ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਟੱਕਰ ਨਾਲ ਨਾਇਬ ਸਿੰਘ ਦੀ ਮੌਤ ਥਾਣਾ ਬਰਨਾਲਾ ਦੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮੁਦੱਈ ਅਕਾਸ਼ਵੀਰ ਸਿੰਘ ਪੁੱਤਰ ਸਵ. ਨਾਇਬ ਸਿੰਘ (ਵਾਸੀ ਰਾਮਦਾਸੀਆ ਪੱਤੀ, ਨੇੜੇ ਆਂਗਣਵਾੜੀ ਸੈਂਟਰ, ਜੋਧਪੁਰ) ਨੇ ਦੱਸਿਆ ਕਿ ਉਹ ਆਪਣੇ ਚਾਚੇ ਸੁਖਪ੍ਰੀਤ ਸਿੰਘ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ, ਜਦਕਿ ਉਸ ਦੇ ਪਿਤਾ ਨਾਇਬ ਸਿੰਘ ਆਪਣੇ ਮੋਟਰਸਾਈਕਲ ਤੇ ਉਨ੍ਹਾਂ ਤੋਂ ਕਰੀਬ 20 ਕਰਮਾਂ ਪਿੱਛੇ ਆ ਰਹੇ ਸਨ। ਉਹ ਜਦੋਂ ਉਹ ਜੋਧਪੁਰ ਲਿੰਕ ਰੋਡ ਤੋਂ ਮੋਗਾ-ਬਰਨਾਲਾ ਹਾਈਵੇਅ ਵੱਲ ਇੱਕ ਕਿਲੋਮੀਟਰ ਦੂਰ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਅਤੇ ਲਾਪਰਵਾਹ ਮੋਟਰਸਾਈਕਲ ਚਾਲਕ ਨੇ ਆਪਣੇ ਵਾਹਨ ਨਾਲ ਨਾਇਬ ਸਿੰਘ ਦੇ ਮੋਟਰਸਾਈਕਲ ਵਿੱਚ ਸਿੱਧੀ ਟੱਕਰ ਮਾਰ ਦਿੱਤੀ। ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਡਾਕਟਰਾਂ ਨੇ ਨਾਇਬ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਚਾਲਕ ਸੁਖਮਨਦੀਪ ਸਿੰਘ ਪੁੱਤਰ ਜਗਰਾਜ ਸਿੰਘ ਉਰਫ਼ ਰਾਜਾ (ਵਾਸੀ ਸਹਿਜੜਾ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਬਾਕਸ-- 515 ਗ੍ਰਾਮ ਅਫ਼ੀਮ ਸਮੇਤ ਤਸਕਰ ਕਾਬੂ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਭਦੌੜ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਖੋਖਰ ਕਲਾਂ, ਥਾਣਾ ਲਹਿਰਾ, ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀ ਕਬਜ਼ੇ ਚੋਂ 515 ਗ੍ਰਾਮ ਅਫ਼ੀਮ ਬਰਾਮਦ ਕਰਕੇ ਉਸ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਬਾਕਸ-- ਡੀਸੀ ਹੁਕਮਾਂ ਦੀ ਉਲੰਘਣਾ ਦਾ ਮਾਮਲਾ ਇੱਕ ਹੋਰ ਮਾਮਲੇ ’ਚ, ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਕਣਕ ਦੀ ਨਾੜ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਬਦਲੇ ਕਾਰਵਾਈ ਕੀਤੀ ਹੈ। ਕਲੱਸਟਰ ਅਫ਼ਸਰ-ਕਮ-ਕਾਨੂੰਗੋ ਗੁਰਮੀਤ ਸਿੰਘ ਵੱਲੋਂ ਭੇਜੀ ਰਿਪੋਰਟ ਤਹਿਤ ਚਲਾਨ ਨੰ. 1838 ਅਨੁਸਾਰ ਖਸਰਾ ਨੰਬਰ 147//21(8-0), ਖੇਵਟ 188/251 (ਰਕਬਾ ਬਰਨਾਲਾ-ਸੀ) ਦੀ ਜ਼ਮੀਨ ਵਿੱਚ ਨਾੜ ਨੂੰ ਅੱਗ ਲਗਾ ਕੇ ਮਾਨਯੋਗ ਡਿਸਟ੍ਰਿਕਟ ਮੈਜਿਸਟ੍ਰੇਟ ਬਰਨਾਲਾ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਕੀਤੀ ਗਈ ਸੀ। ਇਸ ਸਬੰਧੀ ਪੁਲਿਸ ਨੇ ਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਰਨਾਲਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਪਰਚਾ ਦਰਜ ਕੀਤਾ ਹੈ।