31 ਕਰੋੜ ਦੇ ਸੀਵਰੇਜ ਪ੍ਰੋਜੈਕਟ ਨੇ ਲੋਕਾਂ ਦਾ ਜੀਣਾ ਕੀਤਾ ਦੁੱਭਰ ਬਰਨਾਲਾ 'ਚ 31 ਕਰੋੜ ਦੇ ਸੀਵਰੇਜ ਪ੍ਰੋਜੈਕਟ ਨੇ ਲੋਕਾਂ ਦਾ ਜੀਣਾ ਕੀਤਾ ਦੁਭਰ
Publish Date: Thu, 06 Aug 2026 07:07 PM (IST)
Updated Date: Fri, 07 Aug 2026 04:05 AM (IST)
ਨਿਗਰਾਨੀ ਦੀ ਘਾਟ ਤੇ ਲਾਪ੍ਰਵਾਹੀ ਕਾਰਨ ਸ਼ਹਿਰ ’ਚ ਹਾਹਾਕਾਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਪੰਜਾਬ ਸਰਕਾਰ ਵੱਲੋਂ ਬਰਨਾਲਾ ਸ਼ਹਿਰ ਦੇ ਸੀਵਰੇਜ ਸੁਧਾਰ ਲਈ ਕਰਨਾਲ ਦੀ ਨਿੱਜੀ ਕੰਪਨੀ ‘ਰਾਮ ਨਰਾਇਣ ਜੈਨ’ ਨੂੰ 31 ਕਰੋੜ ਰੁਪਏ ਦਾ ਵੱਡਾ ਠੇਕਾ ਦਿੱਤਾ ਗਿਆ ਸੀ, ਪ੍ਰੰਤੂ ਇਹ ਵਿਕਾਸ ਕਾਰਜ ਹੁਣ ਸ਼ਹਿਰ ਵਾਸੀਆਂ ਲਈ ਭਾਰੀ ਮੁਸੀਬਤ ਦਾ ਕਾਰਨ ਬਣ ਚੁੱਕਾ ਹੈ। ਕੰਪਨੀ ਦੀ ਘੋਰ ਲਾਪ੍ਰਵਾਹੀ ਅਤੇ ਅਣਗਹਿਲੀ ਕਾਰਨ ਪੂਰੇ ਸ਼ਹਿਰ ਵਿੱਚ ਤਰਾਹ-ਤਰਾਹ ਹੋ ਰਹੀ ਹੈ। ਬਾਕਸ-- ਅਧਿਕਾਰੀਆਂ ਦੀ ਗੈਰ-ਹਾਜ਼ਰੀ ਅਤੇ ਠੇਕੇਦਾਰਾਂ ਦੀ ਮਨਮਾਨੀ ਪੰਜਾਬੀ ਜਾਗਰਣ ਵੱਲੋਂ ਜਨਹਿਤ ’ਚ ਇਹ ਮੁੱਦਾ ਲਗਾਤਾਰ ਉਠਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਠੋਸ ਕਾਰਵਾਈ ਕੀਤੀ ਅਤੇ ਨਾ ਹੀ ਕਿਸੇ ਸਿਆਸੀ ਨੁਮਾਇੰਦੇ ਨੇ ਪੀੜਤ ਲੋਕਾਂ ਦੀ ਬਾਂਹ ਫੜੀ। ਇੱਥੋਂ ਤੱਕ ਕਿ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੇ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਵੀ ਚੁੱਪ ਧਾਰੀ ਹੋਈ ਹੈ। ਸਥਾਨਕ ਨਿਵਾਸੀਆਂ ਅਨੁਸਾਰ ਠੇਕੇਦਾਰ ਵੱਲੋਂ 4 ਅਤੇ 6 ਇੰਚ ਦੀਆਂ ਪਾਈਪਾਂ ਪਾਉਣ ਲਈ ਜੇ.ਸੀ.ਬੀ. ਮਸ਼ੀਨਾਂ ਨਾਲ ਅੰਨ੍ਹੇਵਾਹ ਪੁੱਟਾਈ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਹੈ ਕਿ ਮੌਕੇ ਤੇ ਨਿਗਰਾਨੀ ਲਈ ਸੀਵਰੇਜ ਬੋਰਡ ਦਾ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਮੌਜੂਦ ਨਹੀਂ ਹੁੰਦਾ। ਬਾਕਸ-- ਗਰਚਾ ਰੋਡ ਤੇ ਨਰਕ ਵਰਗੀ ਸਥਿਤੀ, ਬਰਸਾਤੀ ਦਿਨਾਂ ਚ ਘਰੋਂ ਨਿਕਲਣਾ ਔਖਾ ਗਰਚਾ ਰੋਡ ਦੀ ਸਥਿਤੀ ਬੇਹੱਦ ਚਿੰਤਾਜਨਕ ਹੈ, ਜਿੱਥੇ ਪਿਛਲੇ 15 ਦਿਨਾਂ ਤੋਂ ਲੋਕ ਨਰਕ ਭਰੀ ਜ਼ਿੰਦਗੀ ਜਿਉਂ ਰਹੇ ਹਨ। ਹਫ਼ਤੇ ਤੋਂ ਵੱਧ ਸਮਾਂ ਲੋਕ ਪੀਣ ਵਾਲੇ ਪਾਣੀ ਲਈ ਤਰਸੇ। ਸੀਵਰੇਜ ਲਾਈਨ ਪਾਉਣ ਵੇਲੇ ਮੁੱਖ ਪੀਣ ਵਾਲੀ ਲਾਈਨ ਤੋੜ ਦਿੱਤੀ ਗਈ, ਜਿਸ ਨਾਲ ਸਪਲਾਈ ਠੱਪ ਹੋ ਗਈ ਸੀ। ਬਾਅਦ ’ਚ ਮਹੱਲੇ ਦੇ ਲੋਕਾਂ ਨੇ ਆਪਣੇ ਪੱਧਰ ਤੇ ਹੀ ਵਾਟਰ ਸਪਲਾਈ ਨਿਰਵਿਘਨ ਕੀਤੀ। ਇਸ ਤੋਂ ਇਲਾਵਾ, ਪਹਿਲਾਂ ਤੋਂ ਮੌਜੂਦ ਮੋਟੀਆਂ ਪਾਈਪਾਂ ਤੇ ਇੰਟਰਲਾਕਿੰਗ ਟਾਈਲਾਂ ਉਖੜਨ ਕਾਰਨ ਗੰਦਾ ਪਾਣੀ ਗਲੀਆਂ ’ਚ ਭਰ ਗਿਆ ਹੈ। ਵਾਰਡ ਨੰਬਰ 17 ਦੇ ਨਿਵਾਸੀਆਂ ਨੇ ਬਿਮਾਰੀਆਂ ਫੈਲਣ ਦੇ ਡਰੋਂ ਆਜ਼ਾਦ ਮਹਿਲਾ ਕੌਂਸਲਰ ਦੇ ਪਤੀ ਜੁਗਰਾਜ ਸਿੰਘ ਨੂੰ ਵੀ ਮੌਕੇ ਤੇ ਬੁਲਾ ਕੇ ਸਭ ਕੁਝ ਅੱਖੀਂ ਦਿਖਾਇਆ ਸੀ ਪਰ ਕੁਝ ਦਿਨਾਂ ਤੋਂ ਉਹ ਆਜ਼ਾਦ ਕੌਂਸਲਰ ਵੀ ਸੱਤਾ ਧਿਰ ਪਾਰਟੀ ਦੇ ਪਲੜੇ ’ਚ ਤੁਲ ਗਿਆ ਹੈ ਅਤੇ ਮੁਹੱਲਾ ਵਾਸੀਆਂ ਦੇ ਹੱਕ ਦੀ ਹੁਣ ਉਹ ਕੋਈ ਗੱਲ ਨਹੀਂ ਕਰ ਰਿਹਾ। ਬਾਕਸ-- ਵਿਧਾਇਕ ਦੀ ਕਾਰਵਾਈ ਬੇਅਸਰ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ, ਪ੍ਰੰਤੂ 3 ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਵਿਭਾਗ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਬਾਕਸ-- ਮੇਅਰ ਦਾ ਦਾਅਵਾ: ਮੈਂ ਕਰਾਂਗਾ ਕਾਰਵਾਈ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨਾਲ ਜਦੋਂ ਪੰਜਾਬੀ ਜਾਗਰਣ ਦੀ ਟੀਮ ਨੇ ਰਾਬਤਾ ਕੀਤਾ ਉਨ੍ਹਾਂ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਸੀਵਰੇਜ ਦੇ ਅਧਿਕਾਰੀਆਂ ਨੂੰ ਜੋ ਨੋਟਿਸ ਕੱਢੇ ਸੀ ਉਸ ਦਾ ਕੀ ਬਣਿਆ ਤਾਂ ਬਰਨਾਲਾ ਨਗਰ ਨਿਗਮ ਦੇ ਪਲੇਠੇ ਮੇਅਰ ਹਸਨਪ੍ਰੀਤ ਭਾਰਤ ਅਵਾਜ਼ ਨੇ ਵੀ 15 ਦਿਨਾਂ ਬਾਅਦ ਮੁੜ ਉਹੀ ਵਿਭਾਗ ਨੂੰ ਨੋਟਿਸ ਜਾਰੀ ਕਰਕੇ ਸਖ਼ਤ ਕਾਰਵਾਈ ਕਾਰਨ ਦਾ ਮਹੱਲਾ ਨਿਵਾਸੀਆਂ ਨੂੰ ਭਰੋਸਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ 19 ਜੁਲਾਈ ਤੋਂ 5 ਅਗਸਤ ਤੱਕ, 18 ਦਿਨ ਬੀਤਣ ਦੇ ਬਾਵਜੂਦ ਇਹ ਗੰਭੀਰ ਸਮੱਸਿਆ ਜਿਉਂ ਦੀ ਤਿਉਂ ਲਮਕ ਰਹੀ ਹੈ ਅਤੇ ਆਮ ਜਨਤਾ ਇਸ ਦਾ ਖਾਮਿਆਜ਼ਾ ਭੁਗਤ ਰਹੀ ਹੈ।