ਕਣਕ ਤੇ ਕੇਬਲ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 4 ਕਾਬੂ ਬਰਨਾਲਾ 'ਚ ਕਣਕ ਤੇ ਕੇਬਲ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਚਾਰ ਕਾਬੂ
Publish Date: Thu, 06 Aug 2026 05:48 PM (IST)
Updated Date: Fri, 07 Aug 2026 04:03 AM (IST)
ਪਨਗ੍ਰੇਨ ਦੇ ਕਿਰਾਏ ’ਤੇ ਲਏ ਗੋਦਾਮ ਚੋਂ 35 ਗੱਟੇ ਕਣਕ ਗਾਇਬ ਹੋਣ ਮਗਰੋਂ ਕਾਰਵਾਈ ਚੋਰੀ ਦਾ ਸਮਾਨ ਤੇ ਦੋ ਮੋਟਰਸਾਈਕਲ ਬਰਾਮਦ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਬਰਨਾਲਾ ਪੁਲਿਸ ਨੇ ਖੇਤਰ ’ਚ ਸਰਕਾਰੀ ਗੋਦਾਮਾਂ ਤੇ ਖੇਤਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਚੋਰ ਗਿਰੋਹਫ ਦਾ ਪਰਦਾਫਾਸ਼ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਚੋਰੀ ਕੀਤੀ ਕਣਕ, ਦੋ ਮੋਟਰਸਾਈਕਲ ਤੇ ਭਾਰੀ ਮਾਤਰਾ ’ਚ ਖੇਤਾਂ ਦੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਬਰਾਮਦ ਕੀਤੀਆਂ ਹਨ। ਬਾਕਸ-- ਗੋਦਾਮ ਚੋਂ ਗਾਇਬ ਹੋਏ ਸਨ ਕਣਕ ਦੇ 35 ਗੱਟੇ ਪੁਲਿਸ ਚੌਂਕੀ ਇੰਚਾਰਜ ਹੰਡਿਆਇਆ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗ੍ਰੇਨ ਕੇਂਦਰ ਬਰਨਾਲਾ ਦੇ ਇੰਸਪੈਕਟਰ ਪ੍ਰੀਤਮਹਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਅਨੁਸਾਰ ਪਨਗ੍ਰੇਨ ਵੱਲੋਂ ਕੋਠੇ ਸਰਾਂ-ਹੰਡਿਆਇਆ ਲਿੰਕ ਰੋਡ ਤੇ ਸਥਿਤ ਅਰੋੜਾ ਰਾਈਸ ਐਂਡ ਜਨਰਲ ਮਿਲਜ਼ ਨੂੰ ਸਾਲ 2026-27 ਲਈ ਕਣਕ ਸਟੋਰ ਕਰਨ ਵਾਸਤੇ ਕਿਰਾਏ ਤੇ ਲਿਆ ਗਿਆ ਸੀ। ਜਦੋਂ ਗੋਦਾਮ ਦੀ ਚੈਕਿੰਗ ਕੀਤੀ ਗਈ ਤਾਂ ਪਿਛਲੇ ਹਿੱਸੇ ਚੋਂ 35 ਗੱਟੇ ਕਣਕ ਗਾਇਬ ਸਨ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਬਾਕਸ-- ਖੇਤਾਂ ਦੀਆਂ ਮੋਟਰਾਂ ਤੋਂ ਤਾਰਾਂ ਵੀ ਕਰਦੇ ਸਨ ਚੋਰੀ ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਇਹ ਗਿਰੋਹ ਸਿਰਫ਼ ਗੋਦਾਮਾਂ ਤੱਕ ਹੀ ਸੀਮਤ ਨਹੀਂ ਸੀ, ਬਲਕਿ ਨੇੜਲੇ ਖੇਤਾਂ ’ਚੋਂ ਕੇਬਲ ਤਾਰਾਂ ਵੀ ਚੋਰੀ ਕਰਦਾ ਸੀ। ਮੁਲਜ਼ਮਾਂ ਨੇ 1 ਤੇ 2 ਅਗਸਤ ਦੀ ਦਰਮਿਆਨੀ ਰਾਤ ਹੰਡਿਆਇਆ ਇਲਾਕੇ ਦੇ ਕਿਸਾਨਾਂ ਗੁਰਜੰਟ ਸਿੰਘ, ਗੁਲਾਬ ਸਿੰਘ ਅਤੇ ਜਸਵੀਰ ਸਿੰਘ ਦੀਆਂ ਖੇਤੀਬਾੜੀ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕੀਤੀਆਂ ਸਨ। ਬਾਕਸ-- ਗ੍ਰਿਫ਼ਤਾਰ ਮੁਲਜ਼ਮ ਤੇ ਬਰਾਮਦਗੀ ਤਫ਼ਤੀਸ਼ ਦੌਰਾਨ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਗਿਰੋਹ ਦੇ ਚਾਰ ਮੈਂਬਰਾਂ ਖੁਸ਼ਪ੍ਰੀਤ ਸਿੰਘ ਉਰਫ਼ ਬੱਬੂ, ਸਚਿਨ ਸਿੰਘ ਉਰਫ਼ ਮਨਦੀਪ ਸਿੰਘ, ਰਾਜਵੀਰ ਸਿੰਘ ਉਰਫ਼ ਬੱਬਲੂ ਤੇ ਸਰਬਜੀਤ ਸਿੰਘ ਉਰਫ਼ ਚੀਮਾ ਨੂੰ ਹਿਰਾਸਤ ’ਚ ਲਿਆ। ਪੁੱਛਗਿੱਛ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤੇ 2 ਗੱਟੇ ਕਣਕ, ਕਰੀਬ 40 ਫੁੱਟ, 30 ਫੁੱਟ ਅਤੇ 55 ਫੁੱਟ ਲੰਬੀਆਂ ਕੇਬਲ ਤਾਰਾਂ, ਮੋਟਰਸਾਈਕਲ ਐੱਚਐੱਫ਼ ਡੀਲਕਸ ਨੰਬਰ ਪੀਬੀ45ਏ7682 ਤੇ ਸੀ.ਟੀ.-100 ਨੰਬਰ ਪੀਬੀ10ਐਫਕੇ2773 ਬਰਾਮਦ ਕੀਤਾ ਹੈ। ਗੌਰ ਹੋਵੇ ਕਿ ਸੀ.ਟੀ.-100 ਮੋਟਰਸਾਈਕਲ ਵੀ ਸ਼ਹੀਦ ਭਗਤ ਸਿੰਘ ਪਾਰਕ, ਬਰਨਾਲਾ ਕੋਲੋਂ ਚੋਰੀ ਕੀਤਾ ਗਿਆ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ, ਤਾਂ ਜੋ ਹੋਰ ਚੋਰੀਆਂ ਦਾ ਵੀ ਖੁਲਾਸਾ ਹੋ ਸਕੇ।