ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਕਲਸ਼ ਯਾਤਰਾ' ਬਰਨਾਲਾ ਪੁੱਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਮਿੱਟੀ 'ਕਲਸ਼ ਯਾਤਰਾ' ਬਰਨਾਲਾ ਪੁੱਜੀ
Publish Date: Tue, 04 Aug 2026 05:02 PM (IST)
Updated Date: Wed, 05 Aug 2026 04:02 AM (IST)
ਭਾਜਪਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ, ਕੌਂਸਲਰਾਂ ਤੇ ਸ਼ਰਧਾਲੂਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਉਨ੍ਹਾਂ ਦੇ ਪਵਿੱਤਰ ਜਨਮ ਅਸਥਾਨ ਵਾਰਾਣਸੀ (ਬਨਾਰਸ) ਤੋਂ ਪੰਜਾਬ ਪਹੁੰਚੀ ਪਾਵਨ ਮਿੱਟੀ ਦੀ ਕਲਸ਼ ਯਾਤਰਾ ਦਾ ਬਰਨਾਲਾ ਵਿਖੇ ਪੂਰੀ ਸ਼ਰਧਾ, ਸਤਿਕਾਰ ਤੇ ਭਗਤੀ ਭਾਵਨਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਹ ਯਾਤਰਾ ਚੰਡੀਗੜ੍ਹ ਦੇ ਸੈਕਟਰ-7 ਤੋਂ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਜ਼ਿਲ੍ਹਾ ਬਰਨਾਲਾ ਦੇ ਨਵ-ਨਿਯੁਕਤ ਭਾਜਪਾ ਪ੍ਰਧਾਨ ਨਰਿੰਦਰ ਗਰਗ ਨੀਟਾ ਦੀ ਅਗਵਾਈ ਹੇਠ ਇਹ ਪਾਵਨ ਯਾਤਰਾ ਸਜਾਵਟੀ ਗੱਡੀਆਂ ਤੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਕਾਫ਼ਲੇ ਨਾਲ ਬਰਨਾਲਾ ਵਿਖੇ ਪਹੁੰਚੀ। --ਗੁਰਦੁਆਰਾ ਸਾਹਿਬ ਵਿਖੇ ਸਵਾਗਤ ਤੇ ਸਨਮਾਨ ਧਨੌਲਾ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਦਸਮੇਸ਼ ਨਗਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਸਥਾਨਕ ਕੌਂਸਲਰਾਂ ਵੱਲੋਂ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਆਏ ਹੋਏ ਮੋਹਤਬਰਾਂ ਦਾ ਫੁੱਲਾਂ ਦੀਆਂ ਮਾਲਾਵਾਂ ਤੇ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਚਰਨਾਂ ’ਚ ਅਰਦਾਸ ਵੀ ਕੀਤੀ ਗਈ। --12 ਮੰਡਲਾਂ ਰਾਹੀਂ ਪਿੰਡ-ਪਿੰਡ ਪਹੁੰਚੇਗਾ ਸੰਦੇਸ਼ : ਪ੍ਰਧਾਨ ਨੀਟਾ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੰਦੇਸ਼ ਸਮੁੱਚੀ ਮਨੁੱਖਤਾ ਲਈ ਬਰਾਬਰੀ, ਭਾਈਚਾਰੇ ਤੇ ਮਾਨਵ ਸੇਵਾ ਦਾ ਪ੍ਰਤੀਕ ਹੈ। ਇਸ ਪਾਵਨ ਮਿੱਟੀ ਦੇ ਕਲਸ਼ ਸੰਗਤਾਂ ਦੀ ਆਸਥਾ ਦਾ ਵੱਡਾ ਕੇਂਦਰ ਹਨ ਅਤੇ ਇਨ੍ਹਾਂ ਦੀ ਸੇਵਾ ਦਾ ਸੁਭਾਗ ਮਿਲਣਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਅਗਲੇ ਦਿਨ ਸਾਰੇ ਮੰਡਲ ਪ੍ਰਧਾਨਾਂ ਨੂੰ ਬੁਲਾ ਕੇ ਅਰਦਾਸ ਕਰਨ ਉਪਰੰਤ ਇਹ ਪਾਵਨ ਮਿੱਟੀ 12 ਮੰਡਲ ਪ੍ਰਧਾਨਾਂ ਨੂੰ ਸੌਂਪੀ ਗਈ ਹੈ। ਇਹ ਜਥੇ ਹੁਣ ਆਪਣੇ-ਆਪਣੇ ਖੇਤਰ ਦੇ ਵੱਖ-ਵੱਖ ਪਿੰਡਾਂ, ਗੁਰਦੁਆਰਾ ਸਾਹਿਬਾਨ, ਧਰਮਸ਼ਾਲਾਵਾਂ, ਡੇਰਿਆਂ ਅਤੇ ਮੰਦਰਾਂ ’ਚ ਜਾ ਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਗੇ। ਇਸ ਮੌਕੇ ਭਾਜਪਾ ਆਗੂ ਧਰਮ ਸਿੰਘ ਫੌਜੀ ਐੱਮ.ਸੀ., ਰਾਜੂ ਚੌਧਰੀ ਐੱਮ.ਸੀ., ਬਾਰੂ ਸਿੰਘ ਐੱਮ.ਸੀ., ਸੁਖਦਿਆਲ ਕੌਰ ਐੱਮ.ਸੀ., ਜਸਬੀਰ ਸਿੰਘ ਗੱਖੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਮਹਿੰਦਰ ਸਿੰਘ ਸਾਬਕਾ ਥਾਣੇਦਾਰ ਸਮੇਤ ਸਮੂਹ ਪ੍ਰਬੰਧਕ ਕਮੇਟੀ ਮੈਂਬਰ, ਭਾਜਪਾ ਆਗੂ ਅਤੇ ਭਾਰੀ ਗਿਣਤੀ ’ਚ ਵਰਕਰ ਹਾਜ਼ਰ ਸਨ।