ਪਹਿਲਾਂ ਔੜ ਹੁਣ ਲੇਬਰ ਦੀ ਘਾਟ ਕਾਰਨ ਜੀਰੀ ਦੀ ਲਵਾਈ ਦਾ ਕੰਮ ਪਛੜਿਆ ਪਹਿਲਾਂ ਔੜ ਹੁਣ ਲੇਬਰ ਦੀ ਘਾਟ ਕਾਰਨ ਜੀਰੀ ਦੀ ਲਵਾਈ ਦਾ ਕੰਮ ਪਛੜਿਆ
Publish Date: Sat, 01 Aug 2026 05:43 PM (IST)
Updated Date: Sun, 02 Aug 2026 04:02 AM (IST)
ਖੇਤਾਂ ’ਚ ਖੜ੍ਹੀਆਂ ਪਨੀਰੀਆਂ ਪੱਕਣ ਲੱਗੀਆਂ ਮੁਖਤਿਆਰ ਸਿੰਘ , ਪੰਜਾਬੀ ਜਾਗਰਣ, ਪੱਖੋ ਕਲਾ : ਇਸ ਵਾਰੇ ਮਾਲਵੇ ਇਲਾਕੇ ’ਚ ਮੀਂਹ ਨਾ ਪੈਣ ਕਰਕੇ ਜੀਰੀ ਦੀ ਫ਼ਸਲ ਕਾਫੀ ਪ੍ਰਭਾਵਿਤ ਹੋਈ ਹੈ। ਜੂਨ ਦੇ ਪਹਿਲੇ ਦੂਜੇ ਹਫ਼ਤੇ ਲੱਗੀਆਂ ਜੀਰੀਆਂ ਨੂੰ ਜਿੱਥੇ ਪਾਲਣ ਲਈ ਪਾਣੀ ਦੀ ਘਾਟ ਕਾਰਨ ਬਹੁਤ ਕਿਸਾਨਾਂ ਨੇ ਲਵਾਈ ’ਚ ਰੋਕ ਪਛੇਤੀ ਵਰਾਇਟੀ ਪੀਆਰ 126 ਲਈ ਜ਼ਮੀਨਾਂ ਖਾਲੀ ਰੱਖ ਲਈਆਂ ਸਨ। ਪਛੇਤੀ ਬੀਜਾਈ ਲਈ ਵਰਦਾਨ ਮੰਨੀ ਜਾਂਦੀ ਪੀਆਰ 126 ਜ਼ਿਆਦਾਤਰ ਮੱਕੀ ਤੇ ਮੂੰਗੀ ਵਾਲੇ ਵੱਢਾਂ ’ਚ ਬੀਜਾਈ ਕੀਤੀ ਜਾਂਦੀ ਹੈ ਪਰ ਮੀਂਹ ਨਾ ਪੈਣ ਕਾਰਨ ਕਾਫੀ ਰਕਬਾ ਅਗੇਤੀਆਂ ਵਰਾਇਟੀਆਂ ਵਾਲਾ ਵੀ ਇਸ ਕਿਸਮ ਥੱਲ੍ਹੇ ਆਇਆ ਹੈ। ਜੁਲਾਈ ਦੇ ਪਹਿਲੇ ਪੰਦਰਵਾੜੇ ’ਚ ਚੱਲੀਆਂ ਖ਼ੁਸਕ ਹਵਾਵਾਂ ਕਾਰਨ ਲਵਾਈ ਲੱਗਭਗ ਰੁਕ ਹੀ ਗਈ ਸੀ ਤੇ ਯੂਪੀ ਬਿਹਾਰ ਤੋਂ ਆਈਆਂ ਪ੍ਰਵਾਸੀ ਲੇਬਰਾਂ ਵੀ ਵਾਪਿਸ ਚਲੀਆਂ ਗਈਆਂ ਸਨ । ਹੁਣ ਬੇਸ਼ੱਕ ਮੀਂਹ ਤਾਂ ਨਹੀਂ ਪਿਆ ਪਰ ਹਫਤੇ ਤੋਂ ਚੱਲ ਰਹੀ ਬੱਦਲ ਚਾਲ ਤੇ ਪੂਰਬ ਦੀਆਂ ਹਵਾਵਾਂ ਕਾਰਨ ਗਰਮੀ ਵੀ ਘਟੀ ਹੈ ਤੇ ਖੇਤਾਂ ’ਚ ਪਾਣੀ ਵੀ ਖੜ੍ਹਣ ਲੱਗਾ ਹੈ ਜਿਸ ਕਰਕੇ ਜੀਰੀ ਦੀ ਲਵਾਈ ਨੇ ਦੁਬਾਰਾ ਜ਼ੋਰ ਫੜ੍ਹਿਆ ਹੈ । ਹੁਣ ਸਭ ਤੋਂ ਵੱਡੀ ਸਮੱਸਿਆ ਲੇਬਰ ਦੀ ਘਾਟ ਦੀ ਆ ਰਹੀ ਹੈ ਜਿਸ ਕਰਕੇ ਬੀਜਾਈ ਹੁਣ ਅਗਸਤ ਦੇ ਪਹਿਲੇ ਹਫਤੇ ਚ ਮਸਾਂ ਪੂਰੀ ਹੋਣ ਦੀ ਸੰਭਾਵਨਾ ਹੈ । ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਪੀ ਆਰ 126 ਦੀ ਲਵਾਈ ਅੱਧ ਜੁਲਾਈ ਤੱਕ ਨਿੱਬੜ ਜਾਣੀ ਚਾਹੀਦੀ ਹੈ , ਲਵਾਈ ਜਿਆਦਾ ਲੇਟ ਹੋਣ ਕਰਕੇ ਮੰਡੀਆਂ ’ਚ ਮਾਊਚਰ ਦੀ ਸਮੱਸਿਆ ਆਉਂਦੀ ਹੈ , ਕਿਉਂਕਿ ਲੇਟ ਬਿਜਾਈ ਕੀਤੀ ਜੀਰੀ ਦੀ ਵਢਾਈ ਮੌਕੇ ਠੰਡ ਉੱਤਰ ਆਉਣ ਕਾਰਨ ਫ਼ਸਲ ਪੂਰੀ ਪੱਕਦੀ ਨਹੀਂ । ਇਹ ਬੇਸ਼ੱਕ ਬਾਅਦ ਦੀ ਆਉਣ ਵਾਲੀ ਸਮੱਸਿਆ ਹੈ ਪਰ ਜੋ ਕਿਸਾਨ ਨੂੰ ਲੇਬਰ ਨਾ ਮਿਲਣ ਕਰਕੇ ਇੱਕ ਹੋਰ ਵੱਡੀ ਸਮੱਸਿਆ ਇਹ ਵੀ ਆ ਰਹੀ ਕਿ ਖੇਤ ’ਚ ਖੜ੍ਹੀਆਂ ਪਨੀਰੀਆਂ ਮਿਆਦ ਤੋਂ ਵੱਧ ਸਮਾਂ ਲੰਘ ਜਾਣ ਕਰਕੇ ਪੱਕ ਰਹੀਆਂ ਹਨ । ਥੋੜੇ ਸਮੇਂ ’ਚ ਪੱਕਣ ਵਾਲੀਆਂ ਪਨੀਰੀਆਂ 25 ਦਿਨ ਦੀਆਂ ਲੱਗ ਜਾਣੀਆਂ ਚਾਹੀਦੀਆਂ ਹਨ ਪਰ ਲੇਬਰ ਦੀ ਘਾਟ ਕਾਰਨ ਪਨੀਰੀਆਂ ਮਹੀਨੇ ਤੋਂ ਉੱਪਰ ਦੀਆਂ ਹੋ ਗਈਆਂ । ਪੱਕੀਆਂ ਪਨੀਰੀਆਂ ਲਾਉਣ ਨਾਲ ਜਿੱਥੇ ਜੀਰੀ ਦੇ ਖੇਤ ’ਚ ਚੱਲਣ ਦੀ ਦਿੱਕਤ ਆਉਂਦੀ ਹੈ ਉੱਥੇ ਝਾੜ ਘਟਣ ਦਾ ਖ਼ਦਸਾ ਵੀ ਹੈ । ਪੱਖੋ ਕਲਾਂ ਦੇ ਕਿਸਾਨ ਹਰਮੇਲ ਸਿੰਘ ਨੇ ਦੱਸਿਆ ਕਿ ਉਸ ਨੇ 15 ਦਿਨ ਪਹਿਲਾਂ ਮੱਕੀ ਵੱਢ ਲਈ ਸੀ ਤੇ ਹੁਣ ਜਮੀਨ ਦਾ ਕੱਦੂ ਕਰਕੇ ਰੱਖੇ ਨੂੰ ਵੀ ਚਾਰ ਦਿਨ ਹੋ ਗਏ ਪਰ ਲੇਬਰ ਨਹੀ ਮਿਲੀ। ਭੈਣੀ ਫੱਤਾ ਦੇ ਗੁਰਕੀਰਤ ਸਿੰਘ ਨੇ ਵੀ ਦੱਸਿਆ ਕਿ ਉਸ ਦੇ ਚਾਰ ਕਿੱਲਿਆਂ ਦੇ ਕੱਦੂ ਕੀਤੇ ਨੂੰ ਪੰਜ ਦਿਨ ਹੋ ਗਏ ਪਰ ਲੇਬਰ ਨਾ ਮਿਲਣ ਕਰਕੇ ਜੀਰੀ ਲਾਉਣ ਤੋਂ ਪਹਿਲਾਂ ਨਦੀਨ ਵੀ ਉੱਗ ਆਏ ਹਨ , ਇਸ ਕਰਕੇ ਉਸ ਨੂੰ ਕੱਦੂ ਵੀ ਦੁਬਾਰਾ ਕਰਨਾ ਪਏਗਾ।