ਭੰਗੂ ਦੇ ਘਰ ਮੁੱਖ ਮੰਤਰੀ ਦੀ ਮਾਤਾ ਨੇ ਕੀਤੀ ਅਚਾਨਕ ਫੇਰੀ ਭੰਗੂ ਦੇ ਘਰ ਮੁੱਖ ਮੰਤਰੀ ਦੀ ਮਾਤਾ ਨੇ ਕੀਤੀ ਅਚਾਨਕ ਫੇਰੀ
Publish Date: Sat, 01 Aug 2026 04:46 PM (IST)
Updated Date: Sun, 02 Aug 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਜਦੋਂ ਕਿਸੇ ਸੱਤਾਧਾਰੀ ਪਾਰਟੀ ਦੇ ਮੁੱਖ ਮੰਤਰੀ ਦੀ ਮਾਤਾ ਅਚਾਨਕ ਕਿਸੇ ਜ਼ਿਲ੍ਹਾ ਪ੍ਰਧਾਨ ਦੇ ਘਰ ਪਹੁੰਚੇ ਤਾਂ ਸਿਆਸਤ ’ਚ ਸਵਾਲ ਉੱਠਣੇ ਸੁਭਾਵਿਕ ਹਨ। ਇਹੀ ਕਾਰਨ ਹੈ ਕਿ ਹਰਪਾਲ ਕੌਰ ਦੀ ਪਰਮਿੰਦਰ ਸਿੰਘ ਭੰਗੂ ਦੇ ਘਰ ਹੋਈ ਅਚਾਨਕ ਫੇਰੀ ਨੇ ਬਰਨਾਲਾ ਦੀ ਸਿਆਸਤ ’ਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਭਾਵੇਂ ਇਸ ਮੁਲਾਕਾਤ ਨੂੰ ਪਰਿਵਾਰਕ ਦੱਸਿਆ ਜਾ ਰਿਹਾ ਹੈ, ਪਰ ਸਿਆਸੀ ਗਲਿਆਰਿਆਂ ’ਚ ਇਸ ਦੇ ਅਰਥ ਲੱਭਣ ਦੀ ਦੌੜ ਸ਼ੁਰੂ ਹੋ ਚੁੱਕੀ ਹੈ। ਪਿਛਲੇ ਲੰਬੇ ਸਮੇਂ ਤੋਂ ਪਰਮਿੰਦਰ ਸਿੰਘ ਭੰਗੂ ਪਾਰਟੀ ਦੇ ਕਈ ਵੱਡੇ ਸਮਾਗਮਾਂ, ਸਰਕਾਰੀ ਪ੍ਰੋਗਰਾਮਾਂ ਤੇ ਸੰਸਦ ਮੈਂਬਰ ਦੇ ਦੌਰਿਆਂ ਦੌਰਾਨ ਨਜ਼ਰ ਨਹੀਂ ਆਏ। ਇਸ ਗੈਰਹਾਜ਼ਰੀ ਨੇ ਪਹਿਲਾਂ ਹੀ ਕਈ ਚਰਚਾਵਾਂ ਨੂੰ ਜਨਮ ਦਿੱਤਾ ਹੋਇਆ ਸੀ। ਭੰਗੂ ਦਾ ਹਰ ਵਾਰ ਇਹੀ ਜਵਾਬ ਰਿਹਾ ਕਿ ਉਹ ਦਿੱਲੀ ਹਾਈਕਮਾਂਡ ਦੇ ਸੰਗਠਨਾਤਮਕ ਕੰਮਾਂ ’ਚ ਰੁੱਝੇ ਹੋਏ ਹਨ। ਹੁਣ ਮੁੱਖ ਮੰਤਰੀ ਦੀ ਮਾਤਾ ਦਾ ਸਿੱਧਾ ਉਨ੍ਹਾਂ ਦੇ ਘਰ ਪਹੁੰਚਣਾ ਇਸ ਦਾਅਵੇ ਨੂੰ ਹੋਰ ਚਰਚਾ ਦੇ ਕੇਂਦਰ ’ਚ ਲੈ ਆਇਆ ਹੈ। ਬਰਨਾਲਾ ਦੇ ਸਿਆਸੀ ਹਲਕਿਆਂ ’ਚ ਹੁਣ ਸਵਾਲ ਉੱਠ ਰਹੇ ਹਨ ਕਿ ਕੀ ਪਾਰਟੀ ਹਾਈਕਮਾਂਡ ਭੰਗੂ ਨੂੰ ਮੁੜ ਸਰਗਰਮ ਭੂਮਿਕਾ ’ਚ ਲਿਆਉਣ ਦੀ ਤਿਆਰੀ ਕਰ ਰਹੀ ਹੈ? ਕੀ ਆਉਣ ਵਾਲੀਆਂ ਨਗਰ ਨਿਗਮ ਜਾਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖ ਕੇ ਸੰਗਠਨ ਦੀ ਨਵੀਂ ਰਣਨੀਤੀ ਬਣ ਰਹੀ ਹੈ? ਜਾਂ ਇਹ ਸਿਰਫ਼ ਇੱਕ ਨਿੱਜੀ ਤੇ ਪਰਿਵਾਰਕ ਮੁਲਾਕਾਤ ਸੀ, ਜਿਸ ਨੂੰ ਲੈ ਕੇ ਬੇਲੋੜੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਅਜੇ ਸਾਹਮਣੇ ਨਹੀਂ ਆਏ। ਇਹ ਵੀ ਚਰਚਾ ਹੈ ਕਿ ਭੰਗੂ ਦੀ ਦਿੱਲੀ ਹਾਈਕਮਾਂਡ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਿੱਧੀ ਪਹੁੰਚ ਅਜੇ ਵੀ ਕਾਇਮ ਹੈ। ਜੇਕਰ ਇਹ ਗੱਲ ਸਹੀ ਹੈ ਤਾਂ ਬਰਨਾਲਾ ਦੀ ਸਥਾਨਕ ਆਪ ਇਕਾਈ ’ਚ ਉਨ੍ਹਾਂ ਦੀ ਸਿਆਸੀ ਅਹਿਮੀਅਤ ਪਹਿਲਾਂ ਵਾਂਗ ਬਰਕਰਾਰ ਹੋਣ ਦੇ ਸੰਕੇਤ ਵਜੋਂ ਵੀ ਇਸ ਨੂੰ ਦੇਖਿਆ ਜਾ ਰਿਹਾ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਫਿਲਹਾਲ ਇਹ ਮੁਲਾਕਾਤ ਜਿੰਨੀ ਛੋਟੀ ਸੀ, ਉਸ ਤੋਂ ਕਈ ਗੁਣਾ ਵੱਡੀਆਂ ਸਿਆਸੀ ਚਰਚਾਵਾਂ ਇਸ ਨੇ ਜਨਮ ਦੇ ਦਿੱਤੀਆਂ ਹਨ। ਬਰਨਾਲਾ ਦੀ ਸਿਆਸਤ ’ਚ ਹੁਣ ਹਰ ਨਵੀਂ ਹਲਚਲ ਨੂੰ ਇਸ ਫੇਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਜੇ ਪਾਰਟੀ ਸੰਗਠਨ ਜਾਂ ਸਥਾਨਕ ਲੀਡਰਸ਼ਿਪ ’ਚ ਕੋਈ ਤਬਦੀਲੀ ਸਾਹਮਣੇ ਆਉਂਦੀ ਹੈ ਤਾਂ ਇਸ ਮੁਲਾਕਾਤ ਦੀ ਚਰਚਾ ਹੋਰ ਵੀ ਤੇਜ਼ ਹੋ ਸਕਦੀ ਹੈ। ਪਰ ਇਸ ਵੇਲੇ ਇਹ ਸਾਰੀਆਂ ਗੱਲਾਂ ਸਿਰਫ਼ ਸਿਆਸੀ ਅਟਕਲਾਂ ਹਨ, ਜਿਨ੍ਹਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।