ਵਾਰਡ-26 ’ਚ ਟੂਟੀਆਂ ’ਚ ਆ ਰਿਹਾ ਗੰਦਾ ਪਾਣੀ, ਲੋਕ ਪਰੇਸ਼ਾਨ ਵਾਰਡ ਨੰਬਰ 26 ’ਚ ਪਾਣੀ ਵਾਲੀਆਂ ਟੂਟੀਆਂ ’ਚ ਆ ਰਿਹਾ ਗੰਦਾ ਪਾਣੀ, ਲੋਕ ਪ੍ਰੇਸ਼ਾਨ
Publish Date: Fri, 31 Jul 2026 04:24 PM (IST)
Updated Date: Sat, 01 Aug 2026 04:01 AM (IST)
: ਸਮੱਸਿਆ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਕਈ ਵਾਰ ਦੱਸਿਆ ਪਰ ਹੱਲ ਨਹੀਂ ਹੋਇਆ: ਬਲਦੇਵ ਭੁੱਚਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਸ਼ਹਿਰ ਅੰਦਰ ਨਿੱਤ ਦਿਨ ਗੰਦੇ ਪਾਣੀ ਦੀ ਸਮੱਸਿਆ ਦੇ ਮਾਮਲੇ ਸਾਹਮਣੇ ਆ ਰਹੇ ਹਨ, ਅਜਿਹਾ ਹੀ ਇੱਕ ਮਾਮਲਾ ਵਾਰਡ ਨੰਬਰ 26 ’ਚ ਸਾਹਮਣੇ ਆਇਆ ਹੈ, ਜਿੱਥੇ ਪਿਛਲੇ ਕਈ ਦਿਨਾਂ ਤੋਂ ਪਾਣੀ ਵਾਲੀਆਂ ਟੂਟੀਆਂ ’ਚ ਗੰਦਾ ਪਾਣੀ ਆਉਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਸਮੱਸਿਆ ਦੇ ਹੱਲ ਲਈ ਕਿਸੇ ਵੀ ਅਧਿਕਾਰੀ ਦਾ ਕੋਈ ਧਿਆਨ ਨਹੀਂ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ 26 ਦੇ ਨਿਵਾਸੀ ਪਿਛਲੇ ਕਰੀਬ 10 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਭਾਰੀ ਸਮੱਸਿਆ ਨਾਲ ਜੂਝ ਰਹੇ ਹਨ। ਇਲਾਕਾ ਨਿਵਾਸੀਆਂ ਬਲਦੇਵ ਸਿੰਘ ਭੁੱਚਰ, ਲਵਪ੍ਰੀਤ ਤੇ ਅਲਬਰ ਖਾਨ ਆਦਿ ਨੇ ਦੱਸਿਆ ਕਿ ਪਿਛਲੇ ਦਸ ਦਿਨਾਂ ਤੋਂ ਘਰਾਂ ਦੀਆਂ ਟੂਟੀਆਂ ’ਚ ਬਹੁਤ ਹੀ ਗੰਦਾ, ਕਾਲਾ ਤੇ ਬੱਦਬੂਦਾਰ ਪਾਣੀ ਆ ਰਿਹਾ ਹੈ, ਜਿਸ ਨੂੰ ਪੀਣਾ ਤਾਂ ਦੂਰ, ਕੱਪੜੇ ਧੋਣ ਜਾਂ ਨਹਾਉਣ ਲਈ ਵੀ ਵਰਤਿਆ ਨਹੀਂ ਜਾ ਸਕਦਾ। ਪੀਣ ਵਾਲੇ ਪਾਣੀ ਦੀ ਪਾਈਪਲਾਈਨ ’ਚ ਲੀਕੇਜ ਹੋਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਰਿਹਾ ਹੈ। ਪਿਛਲੇ 10 ਦਿਨਾਂ ਤੋਂ ਲਗਾਤਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਜਲ ਸਪਲਾਈ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।ਵਾਰਡ ਨੰਬਰ 26 ਦੇ ਨਿਵਾਸੀ ਬਲਦੇਵ ਭੁੱਚਰ ਨੇ ਭਾਰੀ ਰੋਸ਼ ਪ੍ਰਗਟਾਉਂਦਿਆਂ ਦੱਸਿਆ ਕਿ ਪਿਛਲੇ ਕਰੀਬ ਦਸ ਦਿਨਾਂ ਤੋਂ ਇਲਾਕੇ ਦੀਆਂ ਪਾਣੀ ਵਾਲੀਆਂ ਟੂਟੀਆਂ ’ਚ ਬਹੁਤ ਹੀ ਗੰਦਾ ਤੇ ਬਦਬੂਦਾਰ ਪਾਣੀ ਆ ਰਿਹਾ ਹੈ। ਉਨ੍ਹਾਂ ਕਿਹਾ, ਸਮੱਸਿਆ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਕਈ ਵਾਰ ਦੱਸਿਆ ਪਰ ਹੱਲ ਨਹੀਂ ਹੋਇਆ। ਗੰਦਾ ਪਾਣੀ ਆਉਣ ਕਰਕੇ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ ਦੂਸ਼ਿਤ ਪਾਣੀ ਦੀ ਵਰਤੋਂ ਕਰਕੇ ਇਲਾਕੇ ’ਚ ਹੈਜ਼ਾ, ਟਾਈਫਾਈਡ ਤੇ ਪੇਟ ਦੀਆਂ ਗੰਭੀਰ ਬੀਮਾਰੀਆਂ ਫੈਲਣ ਦਾ ਵੱਡਾ ਖ਼ਤਰਾ ਬਣਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਵਾਰਡ ਨਿਵਾਸੀ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ।