ਪੰਜਾਬ ਸਰਕਾਰ ਦੀ ਸਿੱਖਿਆਂ ਕ੍ਰਾਂਤੀ ਦੀ ਨਿੱਕਲੀ ਫੂਕ ਪੰਜਾਬ ਸਰਕਾਰ ਦੀ ਸਿੱਖਿਆਂ ਕ੍ਰਾਂਤੀ ਦੀ ਨਿੱਕਲੀ ਫੂਕ
Publish Date: Fri, 24 Jul 2026 04:02 PM (IST)
Updated Date: Sat, 25 Jul 2026 04:02 AM (IST)
ਸਰਕਾਰੀ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ ਵਿਖੇ 104 ਬੱਚਿਆਂ ਦੀ ਪੜ੍ਹਾਈ ਇੱਕ ਅਧਿਆਪਕ ਦੇ ਸਹਾਰੇ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਛੀਨੀਵਾਲ ਕਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸ਼ੁੱਕਰਵਾਰ ਨੂੰ ਮਾਪਿਆਂ ਤੇ ਪਿੰਡ ਵਾਸੀਆਂ ’ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਭਾਈ ਲਾਲੋ ਪੰਜਾਬੀ ਮੰਚ ਦੇ ਸੂਬਾਈ ਆਗੂ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਕੂਲ ’ਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ 64 ਤੇ ਪ੍ਰੀ-ਪ੍ਰਾਇਮਰੀ ਦੇ 40, ਕੁੱਲ 104 ਵਿਦਿਆਰਥੀਆਂ ਦੀ ਪੜ੍ਹਾਈ ਦਾ ਭਾਰ ਸਿਰਫ਼ ਇੱਕ ਮੁੱਖ ਅਧਿਆਪਕ ਦੇ ਮੋਢਿਆਂ ਤੇ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਾਪਿਆਂ ਨੇ ਮੰਗ ਕੀਤੀ ਕਿ ਸਕੂਲ ’ਚ ਖਾਲੀ ਪਈਆਂ ਅਧਿਆਪਕਾਂ ਤੇ ਹੋਰ ਸਟਾਫ਼ ਦੀਆਂ ਅਸਾਮੀਆਂ ਨੂੰ ਪਹਿਲ ਦੇ ਆਧਾਰ ਤੇ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਇੱਕ ਹੀ ਅਧਿਆਪਕ ਨੂੰ ਪੜ੍ਹਾਈ ਦੇ ਨਾਲ-ਨਾਲ ਮਿਡ-ਡੇ ਮੀਲ, ਦਫ਼ਤਰੀ ਕੰਮ ਅਤੇ ਹੋਰ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਹਨ, ਜਿਸ ਨਾਲ ਬੱਚਿਆਂ ਨੂੰ ਲੋੜੀਂਦਾ ਸਮਾਂ ਨਹੀਂ ਮਿਲ ਪਾ ਰਿਹਾ। ਇਸ ਮੌਕੇ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ ਤੇ ਪੰਚ ਏਕਮ ਸਿੰਘ ਛੀਨੀਵਾਲ ਕਲਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਸੁਧਾਰਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਉਲਟ ਹੈ। ਉਨ੍ਹਾਂ ਕਿਹਾ ਕਿ ਜਦੋਂ ਬੱਚੇ ਘਰ ਪਰਤਦੇ ਹਨ ਤਾਂ ਕਈ ਵਾਰ ਉਨ੍ਹਾਂ ਨੂੰ ਸਕੂਲ ਤੋਂ ਦਿੱਤਾ ਗਿਆ ਪਾਠ ਜਾਂ ਘਰੇਲੂ ਕੰਮ ਵੀ ਨਹੀਂ ਮਿਲਦਾ, ਜਿਸ ਕਾਰਨ ਮਾਪਿਆਂ ’ਚ ਚਿੰਤਾ ਵਧ ਰਹੀ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਸਕੂਲ ਵਿੱਚ ਲੋੜੀਂਦੇ ਅਧਿਆਪਕਾਂ ਦੀ ਤਾਇਨਾਤੀ ਨਾ ਕੀਤੀ ਗਈ ਤਾਂ ਮੰਗਲਵਾਰ ਤੋਂ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਬਲਾਕ ਸਿੱਖਿਆ ਅਫ਼ਸਰ (ਪ੍ਰਾਇਮਰੀ) ਮਹਿਲ ਕਲਾਂ ਬਲਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਬਦਲੀਆਂ ਤੇ ਤਾਇਨਾਤੀਆਂ ਤਹਿਤ ਬਲਾਕ ਮਹਿਲ ਕਲਾਂ ਦੇ ਸਕੂਲਾਂ ਲਈ ਕਰੀਬ 41 ਨਵੇਂ ਅਧਿਆਪਕ ਤਾਇਨਾਤ ਕੀਤੇ ਗਏ ਹਨ। ਵਿਭਾਗ ਵੱਲੋਂ ਖਾਲੀ ਅਸਾਮੀਆਂ ਨੂੰ ਪਹਿਲ ਦੇ ਆਧਾਰ ਤੇ ਭਰਨ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ ’ਚ ਦੋ ਨਵੇਂ ਅਧਿਆਪਕ ਤਾਇਨਾਤ ਕੀਤੇ ਜਾ ਰਹੇ ਹਨ ਤੇ ਡੈਪੂਟੇਸ਼ਨ ਤੇ ਭੇਜੇ ਗਏ ਇੱਕ ਅਧਿਆਪਕ ਨੂੰ ਵੀ ਵਾਪਸ ਸਕੂਲ ’ਚ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਕੂਲ ’ਚ ਸਟਾਫ਼ ਦੀ ਘਾਟ ਨੂੰ ਜਲਦ ਦੂਰ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜਸਪਾਲ ਕੌਰ, ਜਸਪ੍ਰੀਤ ਕੌਰ, ਲਖਵਿੰਦਰ ਕੌਰ, ਸੋਨੀ ਕੌਰ, ਸਰਬਜੀਤ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ, ਰਾਮ ਸਿੰਘ, ਹਰਕਰਨ ਸਿੰਘ, ਨੈਬ ਸਿੰਘ, ਲਖਬੀਰ ਸਿੰਘ, ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ’ਚ ਬੱਚਿਆਂ ਦੇ ਮਾਪੇ ਤੇ ਪਿੰਡ ਵਾਸੀ ਹਾਜ਼ਰ ਸਨ।