ਸਹਿਕਾਰੀ ਵਿਭਾਗ ਦਾ ਇੰਸਪੈਕਟਰ 50 ਹਜ਼ਾਰ ਰੁਪਏ ਵੱਢੀ ਲੈਂਦਾ ਕਾਬੂ ਵਿਜੀਲੈਂਸ ਦੀ ਵੱਡੀ ਕਾਰਵਾਈ: ਸਹਿਕਾਰੀ ਵਿਭਾਗ ਦਾ ਇੰਸਪੈਕਟਰ 50 ਹਜ਼ਾਰ ਰੁਪਏ ਦੀ ਵੱਢੀ ਲੈਂਦਾ ਮੌਕੇ 'ਤੇ ਦਬੋਚਿਆ
Publish Date: Thu, 16 Jul 2026 06:50 PM (IST)
Updated Date: Fri, 17 Jul 2026 04:07 AM (IST)
ਕੈਪਸ਼ਨ:ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕੀਤਾ ਗਿਆ ਵਿਅਕਤੀ। 2. ਇੰਸਪੈਕਟਰ ਗੁਰਮੇਲ ਸਿੰਘ। * ਪੁਲਿਸ ਵੱਲੋਂ ਮੁਲਜ਼ਮ ਕੋਲੋਂ ਕੀਤੀ ਜਾ ਰਹੀ ਹੈ ਪੁੱਛਗਿੱਛ, ਹੋਰ ਖੁਲਾਸੇ ਹੋਣ ਦੀ ਸੰਭਾਵਨਾ * ਪੀੜਤ ਦੀ ਸ਼ਿਕਾਇਤ ਮਿਲਣ ਮਗਰੋਂ ਹਰਕਤ ’ਚ ਆਇਆ ਵਿਜੀਲੈਂਸ ਵਿਭਾਗ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਵਿਜੀਲੈਂਸ ਵਿਭਾਗ ਦੀ ਬਰਨਾਲਾ ਟੀਮ ਨੇ ਆਪਣੇ ਵਿਛਾਏ ਜਾਲ ’ਚ ਸਹਿਕਾਰੀ ਕੋ-ਆਪ੍ਰੇਟਿਵ ਵਿਭਾਗ ਦੇ ਇਕ ਇੰਸਪੈਕਟਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਨੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਹੇਠ ਸਹਿਕਾਰੀ ਵਿਭਾਗ ਦੇ ਇੰਸਪੈਕਟਰ ਹਰਸ਼ ਬਾਂਸਲ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਵਿਜੀਲੈਂਸ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਸਹਿਕਾਰੀ ਵਿਭਾਗ ਦੇ ਸੈਕਟਰੀ ਜੰਗ ਸਿੰਘ ਵਿਰੁੱਧ ਇਕ ਵਿਭਾਗੀ ਪੜਤਾਲ ਚੱਲ ਰਹੀ ਸੀ। ਇਸ ਪੜਤਾਲ ਦੀ ਜ਼ਿੰਮੇਵਾਰੀ ਇੰਸਪੈਕਟਰ ਹਰਸ਼ ਬਾਂਸਲ ਕੋਲ ਸੀ। ਇੰਸਪੈਕਟਰ ਹਰਸ਼ ਬਾਂਸਲ ਨੇ ਜੰਗ ਸਿੰਘ ਨੂੰ ਇਸ ਮਾਮਲੇ ’ਚੋਂ ਬਰੀ ਕਰਨ ਬਦਲੇ ਇਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਜੰਗ ਸਿੰਘ ਵੱਲੋਂ ਕਾਫ਼ੀ ਮਿੰਨਤ-ਤਰਲਾ ਕਰਨ ਤੋਂ ਬਾਅਦ ਆਖ਼ਰਕਾਰ ਇਹ ਸੌਦਾ 50 ਹਜ਼ਾਰ ਰੁਪਏ ’ਚ ਤੈਅ ਹੋਇਆ ਸੀ, ਪਰ ਸੈਕਟਰੀ ਜੰਗ ਸਿੰਘ ਰਿਸ਼ਵਤ ਦੇਣ ਦੇ ਪੱਖ ’ਚ ਨਹੀਂ ਸੀ। ਉਸ ਨੇ ਰਿਸ਼ਵਤ ਦੇਣ ਦੀ ਬਜਾਏ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਇਸ ਸਬੰਧੀ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਿਕਾਇਤ ਮਿਲਦਿਆਂ ਹੀ ਵਿਜੀਲੈਂਸ ਦੀ ਟੀਮ ਤੁਰੰਤ ਹਰਕਤ ’ਚ ਆ ਗਈ ਤੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਡੀ.ਆਰ. ਦਫ਼ਤਰ ਦੇ ਬਾਹਰ ਨਾਕਾਬੰਦੀ ਕਰ ਲਈ। ਜਿਵੇਂ ਹੀ ਸ਼ਿਕਾਇਤਕਰਤਾ ਜੰਗ ਸਿੰਘ ਨੇ ਤੈਅ ਕੀਤੀ 50 ਹਜ਼ਾਰ ਰੁਪਏ ਦੀ ਰਾਸ਼ੀ ਇੰਸਪੈਕਟਰ ਹਰਸ਼ ਬਾਂਸਲ ਨੂੰ ਸੌਂਪੀ ਤਾਂ ਉੱਥੇ ਪਹਿਲਾਂ ਤੋਂ ਹੀ ਤਿਆਰ ਖੜ੍ਹੀ ਵਿਜੀਲੈਂਸ ਦੀ ਟੀਮ ਨੇ ਮੁਲਜ਼ਮ ਨੂੰ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਹਰਸ਼ ਬਾਂਸਲ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ’ਚ ਕਈ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।