ਮਹਿਲ ਕਲਾਂ ’ਚ ਚੋਰਾਂ ਦੇ ਹੌਸਲੇ ਬੁਲੰਦ, ਬਾਂਸਲ ਧਰਮ ਕੰਡੇ ਨੂੰ ਬਣਾਇਆ ਨਿਸ਼ਾਨਾ ਮਹਿਲ ਕਲਾਂ ’ਚ ਚੋਰਾਂ ਦੇ ਹੌਸਲੇ ਬੁਲੰਦ, ਬਾਂਸਲ ਧਰਮ ਕੰਡੇ ਨੂੰ ਬਣਾਇਆ ਨਿਸ਼ਾਨਾ
Publish Date: Wed, 14 Oct 2026 04:57 PM (IST)
Updated Date: Thu, 15 Oct 2026 04:00 AM (IST)
:: ਕਮਰੇ ਦੇ ਜਿੰਦਰੇ ਤੇ ਚਗਾਠਾਂ ਤੋੜ ਕੇ ਕੰਪਿਊਟਰ, ਸੀਪੀਯੂ, ਇਨਵਰਟਰ, ਡੀਵੀਆਰ ਤੇ ਗੱਲੇ ’ਚੋਂ 1,500 ਰੁਪਏ ਦੀ ਨਕਦੀ ਚੋਰੀ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਸਥਿਤ ਕਸਬਾ ਮਹਿਲ ਕਲਾਂ ਵਿਖੇ ਬੀਤੀ ਰਾਤ ਚੋਰਾਂ ਨੇ ਬਾਂਸਲ ਧਰਮ ਕੰਡੇ ਨੂੰ ਨਿਸ਼ਾਨਾ ਬਣਾਉਂਦਿਆਂ ਕਮਰੇ ਦੇ ਜਿੰਦਰੇ ਤੇ ਚਗਾਠਾਂ ਤੋੜ ਕੇ ਅੰਦਰ ਪਿਆ ਕੰਪਿਊਟਰ, ਸੀਪੀਯੂ, ਇਨਵਰਟਰ, ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਅਤੇ ਗੱਲੇ ’ਚੋਂ 1,500 ਰੁਪਏ ਦੀ ਨਕਦੀ ਸਮੇਤ ਕਰੀਬ ਡੇਢ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਕੰਡੇ ’ਤੇ ਕੰਮ ਕਰਦੇ ਕਰਮਚਾਰੀ ਤਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਸਮੇਂ ਆਪਣਾ ਕੰਮਕਾਜ ਮੁਕੰਮਲ ਕਰ ਕੇ ਘਰ ਚਲੇ ਗਏ ਸਨ। ਰਾਤ ਸਮੇਂ ਚੋਰਾਂ ਨੇ ਕੰਡੇ ਦੇ ਕਮਰੇ ਦੇ ਪਿਛਲੇ ਪਾਸੇ ਦਾਖ਼ਲ ਹੋਣ ਲਈ ਗੇਟ ਦਾ ਜਿੰਦਰਾ ਤੇ ਚਗਾਠਾਂ ਤੋੜ ਦਿੱਤੀਆਂ। ਇਸ ਤੋਂ ਬਾਅਦ ਉਹ ਕਮਰੇ ਅੰਦਰ ਪਿਆ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸਾਮਾਨ ’ਚ ਇੱਕ ਕੰਪਿਊਟਰ, ਇੱਕ ਸੀਪੀਯੂ, ਇਨਵਰਟਰ, ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਤੇ ਗੱਲੇ ’ਚ ਪਈ 1500 ਰੁਪਏ ਦੀ ਨਕਦੀ ਸ਼ਾਮਲ ਹੈ। ਇਸ ਤੋਂ ਇਲਾਵਾ ਹੋਰ ਸਾਮਾਨ ਵੀ ਚੋਰੀ ਹੋਇਆ ਹੈ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਕਰੀਬ ਡੇਢ ਲੱਖ ਰੁਪਏ ਦੱਸੀ ਜਾ ਰਹੀ ਹੈ। ਕਰਮਚਾਰੀ ਅਨੁਸਾਰ ਚੋਰੀ ਦੀ ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਿਆ, ਜਦੋਂ ਉਹ ਡਿਊਟੀ ’ਤੇ ਪਹੁੰਚੇ। ਇਸ ਤੋਂ ਬਾਅਦ ਧਰਮ ਕੰਡੇ ਦੇ ਮਾਲਕ ਵਿਜੇ ਕੁਮਾਰ ਵਾਸੀ ਬਰਨਾਲਾ ਨੂੰ ਘਟਨਾ ਬਾਰੇ ਜਾਣੂ ਕਰਵਾਇਆ ਗਿਆ। ਮਾਲਕ ਵੱਲੋਂ ਇਸ ਮਾਮਲੇ ਸਬੰਧੀ ਥਾਣਾ ਮਹਿਲ ਕਲਾਂ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਧਰਮ ਕੰਡੇ ਦੇ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਕਸਬਾ ਮਹਿਲ ਕਲਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਚੋਰੀ ਦੀਆਂ ਵਾਰਦਾਤਾਂ ਦੀਆਂ ਖ਼ਬਰਾਂ ਸਾਹਮਣੇ ਆਉਣ ਕਾਰਨ ਲੋਕਾਂ ’ਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਦੁਕਾਨਦਾਰਾਂ ਤੇ ਕਸਬਾ ਵਾਸੀਆਂ ਦੀ ਮੰਗ ਹੈ ਕਿ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ ।