ਮਜ਼ਦੂਰ ਪਰਿਵਾਰ ਦੇ ਘਰ ਨੂੰ ਲੱਗੀ ਅੱਗ, ਘਰੇਲੂ ਸਮਾਨ ਸੜ ਕੇ ਸੁਆਹ ਮਜ਼ਦੂਰ ਪਰਿਵਾਰ ਦੇ ਘਰ ਨੂੰ ਲੱਗੀ ਅੱਗ, ਘਰੇਲੂ ਸਮਾਨ ਸੜਕੇ ਸੁਆਹ
Publish Date: Wed, 30 Sep 2026 05:15 PM (IST)
Updated Date: Thu, 01 Oct 2026 04:01 AM (IST)
ਪੀੜਤ ਵੱਲੋਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪਿੰਡ ਹਮੀਦੀ ਵਿਖੇ ਸਵੇਰੇ ਕਰੀਬ 10 ਵਜੇ ਇੱਕ ਮਜ਼ਦੂਰ ਪਰਿਵਾਰ ਦੇ ਘਰ ’ਚ ਬਿਜਲੀ ਦਾ ਸ਼ਾਟ ਸਰਕਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਅੱਗ ਕਾਰਨ ਘਰ ਅੰਦਰ ਪਿਆ ਘਰੇਲੂ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਪਰਿਵਾਰ ਦਾ ਇੱਕ ਲੱਖ ਰੁਪਏ ਤੋਂ ਵੱਧ ਦਾ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀ, ਆਸ-ਪਾਸ ਦੇ ਘਰਾਂ ਦੇ ਲੋਕ ਤੇ ਗ੍ਰਾਮ ਪੰਚਾਇਤ ਦੇ ਨੁਮਾਇੰਦੇ ਮੌਕੇ ’ਤੇ ਇਕੱਠੇ ਹੋ ਗਏ ਤੇ ਆਪਣੇ ਪੱਧਰ ’ਤੇ ਭਾਰੀ ਜੱਦੋ-ਜਹਿਦ ਕਰਦਿਆਂ ਅੱਗ ’ਤੇ ਕਾਬੂ ਪਾਇਆ। ਪਿੰਡ ਵਾਸੀਆਂ ਦੀ ਤੁਰੰਤ ਕੀਤੀ ਕੋਸ਼ਿਸ਼ ਕਾਰਨ ਅੱਗ ਨੂੰ ਹੋਰ ਘਰਾਂ ਤੱਕ ਫੈਲਣ ਤੋਂ ਰੋਕਿਆ ਜਾ ਸਕਿਆ। ਪੀੜਤ ਪਰਿਵਾਰ ਦੇ ਜੋਰਾ ਸਿੰਘ ਪੁੱਤਰ ਹਰਦਮ ਸਿੰਘ ਵਾਸੀ ਹਮੀਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਸਮੇਂ ਉਸ ਦੀ ਪਤਨੀ ਜੀਤ ਕੌਰ ਨਰੇਗਾ ’ਚ ਕੰਮ ਕਰਨ ਲਈ ਗਈ ਹੋਈ ਸੀ, ਜਦਕਿ ਪਰਿਵਾਰ ਦੇ ਬਾਕੀ ਸਾਰੇ ਮੈਂਬਰ ਜ਼ਰੂਰੀ ਕੰਮ ਲਈ ਬਰਨਾਲਾ ਗਏ ਹੋਏ ਸਨ। ਇਸ ਦੌਰਾਨ ਘਰ ਅੰਦਰ ਬਿਜਲੀ ਦਾ ਸ਼ਾਟ ਸਰਕਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਘਰ ਅੰਦਰ ਪਿਆ ਕਰੀਬ 20 ਹਜ਼ਾਰ ਰੁਪਏ ਦੀ ਕੀਮਤ ਵਾਲਾ ਬੈੱਡ, ਲਗਭਗ 15 ਹਜ਼ਾਰ ਰੁਪਏ ਦਾ ਫਰਿੱਜ ਸਮੇਤ ਹੋਰ ਘਰੇਲੂ ਸਾਮਾਨ ਤੇ ਕੱਪੜੇ ਆਦਿ ਸੜ ਕੇ ਸੁਆਹ ਹੋ ਗਏ। ਪਿੰਡ ਵਾਸੀਆਂ ਵੱਲੋਂ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਜਦੋਂ ਉਹ ਘਰ ਪਹੁੰਚੇ ਤਾਂ ਘਰ ਅੰਦਰ ਪਿਆ ਕਾਫ਼ੀ ਸਾਮਾਨ ਸੜ ਚੁੱਕਿਆ ਸੀ। ਜੋਰਾ ਸਿੰਘ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਅਚਾਨਕ ਵਾਪਰੀ ਇਸ ਘਟਨਾ ਕਾਰਨ ਪਰਿਵਾਰ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਓਮਨਦੀਪ ਸਿੰਘ ਸੋਹੀ, ਪੰਚ ਏਕਮ ਸਿੰਘ ਦਿਓਲ, ਬਲਾਕ ਸੰਮਤੀ ਮੈਂਬਰ ਜਗਜੀਤ ਸਿੰਘ ਰਾਣੂ, ਤਰਸੇਮ ਸਿੰਘ ਸਹੋਤਾ, ਰਾਜ ਸਿੰਘ ਫੌਜੀ, ਦਰਬਾਰਾ ਸਿੰਘ ਦਿਓਲ, ਜਸਵੀਰ ਸਿੰਘ ਰਾਣੂ ਸਮੇਤ ਪਿੰਡ ਦੇ ਹੋਰ ਪਤਵੰਤੇ ਵਿਅਕਤੀਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੇ ਘਰ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਪਰਿਵਾਰ ਨੂੰ ਬਣਦੀ ਆਰਥਿਕ ਸਹਾਇਤਾ ਦਿੱਤੀ ਜਾਵੇ।