- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿੜਬਾ ’ਚ ਠੇਕਾ ਮੁਲਾਜਮਾਂ ਨੇ ਪਰਿਵਾਰਾਂ ਸਮੇਤ ਲਾਇਆ ਧਰਨਾ

-ਨਾਅਰੇਬਾਜ਼ੀ ਕਰਦੇ ਹੋਏ ਵਿੱਤ ਮੰਤਰੀ ਦੇ ਦਫ਼ਤਰ ਪੁੱਜੇ ਠੇਕਾ ਮੁਲਾਜ਼ਮ
-13 ਅਕਤੂਬਰ ਦੀ ਮੀਟਿੰਗ ਦਾ ਪੱਤਰ ਮਿਲਣ ’ਤੇ ਖਤਮ ਕੀਤਾ ਧਰਨਾ
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਲੇਬਰ ਯੂਨੀਅਨ ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਵਿਖੇ ਪਰਿਵਾਰਾਂ ਤੇ ਬੱਚਿਆਂ ਸਮੇਤ ਧਰਨਾ ਦਿੱਤਾ। ਧਰਨੇ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਪਹੁੰਚੇ। ਉਨ੍ਹਾਂ ਮੰਗ ਕੀਤੀ ਕਿ ਸਮੂਹ ਆਊਟਸੋਰਸਿਸ ਕਾਮਿਆਂ ਨੂੰ ਸਿੱਧਾ ਵਿਭਾਗ ਸ਼ਾਮਲ ਕੀਤਾ ਜਾਵੇ, ਸਰਕਾਰੀ ਅਦਾਰਿਆਂ ਵਿੱਚ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ, ਘੱਟੋ-ਘੱਟ ਗੁਜ਼ਾਰੇ ਯੋਗ ਤਨਖਾਹ ਲਾਗੂ ਕੀਤੀ ਜਾਵੇ, ਠੇਕੇਦਾਰ, ਕੰਪਨੀਆਂ ਨੂੰ ਬਾਹਰ ਕੱਢਿਆ ਜਾਵੇ। ਸੀਵਰੇਜ ਬੋਰਡ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਪਾਵਰਕਾਮ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੰਦੀਪ ਕੁਮਾਰ ਖੱਤਰੀ, ਗਗਨਦੀਪ ਸਿੰਘ ਕਣਕਵਾਲ, ਬਲਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿੱਚ ਸੀਵਰੇਜ ਬੋਰਡ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਸੀਵਰੇਜ ਬੋਰਡ ਵਿੱਚ 2300 ਦੇ ਕਰੀਬ ਵੱਖ-ਵੱਖ ਕੈਟਾਗਰੀਆਂ ਜਿਵੇਂ ਕਿ ਪੰਪ ਆਪਰੇਟਰ, ਸੀਵਰਮੈਨ, ਬੇਲਦਾਰ, ਫਿਟਰ , ਮਾਲੀ -ਕਮ ਚੌਂਕੀਦਾਰ ,ਬਿਲ ਕਲਰਕ, ਬਿਲ ਡਿਸਟਰੀਬਿਊਟਰ ਆਦਿ ਅਤੇ ਪਾਵਰਕਾਮ ਦੇ ਐਨਸੀਸੀ, ਸੀਆਰਸੀ, ਪੈਸਕੋ ਅਤੇ ਸਟੋਰਾਂ ਚ ਕੰਮ ਕਰਦੇ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਬੋਰਡ ਦੇ ਕੰਟਰੈਕਟ ਤੇ ਕੀਤਾ ਜਾਵੇ। ਪਰ ਸੀਵਰੇਜ ਬੋਰਡ ਅਤੇ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਸਮੇਂ ਰਾਹੀਂ ਮੀਟਿੰਗਾਂ ਕਰ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਬੋਰਡ ਦੇ ਕੰਟਰੈਕਟ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜਿਹੜਾ ਇੱਕ ਹਫਤਾ ਬੀਤ ਜਾਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਗਿਆ। ਜਿਸ ਦੇ ਰੋਸ ਵਜੋਂ ਦੋਵੇਂ ਹੀ ਜਥੇਬੰਦੀਆਂ ਵੱਲੋਂ ਇਕੱਠੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਦਾਣਾ ਮੰਡੀ ਵਿੱਚ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਕੱਠ ਕਰਨ ਉਪਰੰਤ ਵਿੱਤ ਮੰਤਰੀ ਦੇ ਦਫਤਰ ਵੱਲ ਕੂਚ ਕੀਤਾ ਅਤੇ ਮੰਗ ਪੱਤਰ ਚ ਦਰਜ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸੀਵਰੇਜ ਬੋਰਡ ਦੇ ਅਤੇ ਪਾਵਰਕਾਮ ’ਚ ਰਹਿੰਦੀਆਂ ਕੈਟਾਗਰੀਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ। ਪ੍ਰਸ਼ਾਸਨ ਵੱਲੋਂ ਸਰਕਾਰ ਨਾਲ 13 ਅਕਤੂਬਰ ਦੀ ਮੀਟਿੰਗ ਦਾ ਪੱਤਰ ਮਿਲਣ ਉਪਰੰਤ ਧਰਨਾ ਖਤਮ ਕੀਤਾ ਗਿਆ।
ਇਸ ਮੌਕੇ ਕਰਮਜੀਤ ਸਿੰਘ ਮਲੋਟ, ਯਾਦਵਿੰਦਰ ਸਿੰਘ ਭਾਈ ਕੀ ਪਿਸ਼ੌਰ, ਬਲਦੇਵ ਸਿੰਘ ਮੰਡੇਰ, ਪਰਦੀਪ ਸਿੰਘ ਛਾਹੜ, ਜਸਵਿੰਦਰ ਸਿੰਘ ਕੁਲਾਰ, ਸੰਜੀਵ ਕੁਮਾਰ, ਸੁਖਪਾਲ ਸਿੰਘ ਖੰਡੀ ਆਦਿ ਹਾਜ਼ਰ ਸਨ।