ਲਗਾਤਾਰ ਪੈ ਰਹੇ ਮੀਂਹ ਨੇ ਮੌਸਮ ਕੀਤਾ ਸੁਹਾਵਣਾ, ਗਰਮੀ ਘਟੀ ਲਗਾਤਾਰ ਪੈ ਰਹੇ ਮੀਂਹ ਨੇ ਮੌਸਮ ਕੀਤਾ ਸੁਹਾਵਣਾ, ਗਰਮੀ ਘਟੀ
Publish Date: Sat, 08 Aug 2026 04:26 PM (IST)
Updated Date: Sun, 09 Aug 2026 04:02 AM (IST)
ਨਵੀਆਂ ਥਾਵਾਂ ’ਤੇ ਖੜ੍ਹਿਆ ਪਾਣੀ, ਲੋਕ ਹੋਏ ਪ੍ਰੇਸ਼ਾਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਮੌਸਮ ਨੇ ਕਰਵਟ ਲੈ ਲਈ ਹੈ। ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਲੋਕਾਂ ਨੂੰ ਹੁੰਮਸ ਤੇ ਤਪਦੀ ਗਰਮੀ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਮੌਸਮ ਵੀ ਸੁਹਾਵਣਾ ਹੋ ਗਿਆ ਹੈ। ਠੰਢੀਆਂ ਹਵਾਵਾਂ ਤੇ ਬੱਦਲਵਾਈ ਕਾਰਨ ਤਾਪਮਾਨ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੀਂਹ ਪੈਣ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਸਵੇਰ ਤੇ ਸ਼ਾਮ ਸਮੇਂ ਮੌਸਮ ਖਾਸਾ ਠੰਢਾ ਹੋਣ ਕਾਰਨ ਲੋਕਾਂ ਨੇ ਸੁਹਾਵਣੇ ਮੌਸਮ ਦਾ ਆਨੰਦ ਮਾਣਿਆ। ਮੀਂਹ ਕਾਰਨ ਸੜਕਾਂ ਤੇ ਗਲੀਆਂ ’ਚ ਪਾਣੀ ਇਕੱਠਾ ਹੋਣ ਦੇ ਬਾਵਜੂਦ ਗਰਮੀ ਤੋਂ ਮਿਲੀ ਰਾਹਤ ਨੇ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਲਿਆ ਦਿੱਤੀ। ਦੂਜੇ ਪਾਸੇ, ਲਗਾਤਾਰ ਹੋ ਰਹੀ ਬਾਰਿਸ਼ ਨੂੰ ਕਿਸਾਨਾਂ ਲਈ ਵੀ ਲਾਹੇਵੰਦ ਮੰਨਿਆ ਜਾ ਰਿਹਾ ਹੈ। ਮੀਂਹ ਨਾਲ ਫ਼ਸਲਾਂ ਨੂੰ ਲੋੜੀਂਦਾ ਪਾਣੀ ਮਿਲਣ ਕਾਰਨ ਕਿਸਾਨਾਂ ਨੇ ਰਾਹਤ ਮਹਿਸੂਸ ਕੀਤੀ ਹੈ। ਖੇਤਾਂ ’ਚ ਹਰਿਆਵਲ ਹੋਰ ਨਿਖਰ ਆਈ ਹੈ ਅਤੇ ਵਾਤਾਵਰਨ ਵੀ ਤਾਜ਼ਗੀ ਭਰਿਆ ਨਜ਼ਰ ਆ ਰਿਹਾ ਹੈ। ਮੀਂਹ ਕਾਰਨ ਧੂੜ-ਮਿੱਟੀ ਤੇ ਪ੍ਰਦੂਸ਼ਣ ’ਚ ਵੀ ਕਮੀ ਆਈ ਹੈ। ਠੰਢੀਆਂ ਹਵਾਵਾਂ, ਬੱਦਲਾਂ ਤੇ ਰਿਮਝਿਮ ਬਾਰਿਸ਼ ਨੇ ਮੌਸਮ ਨੂੰ ਖੂਬਸੂਰਤ ਬਣਾ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਗਰਮੀ ਤੋਂ ਹੋਰ ਵੀ ਰਾਹਤ ਮਿਲੇਗੀ। : ਨਵੀਆਂ ਥਾਵਾਂ ’ਤੇ ਖੜ੍ਹਿਆ ਪਾਣੀ, ਲੋਕ ਹੋਏ ਪ੍ਰੇਸ਼ਾਨ ਬਾਰਿਸ਼ ਕਾਰਨ ਸ਼ਹਿਰ ਅਤੇ ਆਸ-ਪਾਸ ਦੇ ਕਈ ਇਲਾਕਿਆਂ ’ਚ ਨਵੀਆਂ ਥਾਵਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਿਸ਼ ਦਾ ਪਾਣੀ ਸੜਕਾਂ, ਗਲੀਆਂ ਤੇ ਨੀਵੀਆਂ ਥਾਵਾਂ ’ਤੇ ਇਕੱਠਾ ਹੋਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਕਈ ਥਾਵਾਂ ’ਤੇ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ’ਚ ਮੁਸ਼ਕਲ ਆਈ। ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਥਾਵਾਂ ’ਤੇ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਵਾਹਨ ਹੌਲੀ ਰਫ਼ਤਾਰ ਨਾਲ ਚੱਲੇ। ਸਥਾਨਕ ਵਸਨੀਕਾਂ ਹਾਕਮ ਸਿੰਘ, ਗੁਰਮੇਲ ਸਿੰਘ, ਨੈਬ ਸਿੰਘ ਆਦਿ ਨੇ ਦੱਸਿਆ ਕਿ ਕਚਹਿਰੀ ਚੌਂਕ ’ਚ ਬਾਰਿਸ਼ ਦੌਰਾਨ ਹਰ ਸਾਲ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ, ਪਰ ਇਸ ਵਾਰ ਕੁਝ ਨਵੀਆਂ ਥਾਵਾਂ ਵੀ ਇਸ ਦੀ ਲਪੇਟ ’ਚ ਆ ਗਈਆਂ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਲਈ ਤੁਰੰਤ ਪ੍ਰਬੰਧ ਕੀਤੇ ਜਾਣ ਅਤੇ ਬੰਦ ਪਏ ਨਾਲਿਆਂ ਤੇ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇ।