- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸੀਆਂ ਵੱਲੋਂ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ

ਸੱਤਪਾਲ ਕਾਲਬੂਲਾ/ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਦੇਸ਼ ਵਿੱਚ ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀਆਂ ਦੀ ਸੋਧ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਮਾਲੇਰਕੋਟਲਾ ਵਿੱਚ ਕਾਂਗਰਸ ਵੱਲੋਂ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਨਾਂ ਡਿਪਟੀ ਕਮਿਸ਼ਨਰ ਦਫਤਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਗੁਰਦੁਆਰਾ ਹਾਅ ਦਾ ਨਾਅਰਾ ਤੋਂ ਪੈਦਲ ਮਾਰਚ ਕਰਕੇ ਡੀਸੀ ਦਫਤਰ ਤੱਕ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਾਂਗਰਸ ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਕਰਵਾਉਣ ਦੀ ਮੰਗ ਕੀਤੀ।
ਜ਼ਿਲ੍ਹਾ ਕਾਂਗਰਸ ਪ੍ਰਧਾਨ ਨਿਸ਼ਾਤ ਅਖ਼ਤਰ ਨੇ ਦੋਸ਼ ਲਾਇਆ ਕਿ ਵਿਸ਼ੇਸ਼ ਗਹਿਰੀ ਵੋਟਰ ਸੂਚੀ ਸੋਧ ਦੌਰਾਨ(ਐਸਆਈਆਰ) ਵੱਡੀ ਗਿਣਤੀ ਵਿੱਚ ਵੋਟਰਾਂ ਦੇ ਨਾਂ ਸੂਚੀਆਂ ਵਿੱਚੋਂ ਹਟਾਏ ਗਏ ਹਨ, ਜਿਸ ਨਾਲ ਯੋਗ ਵੋਟਰਾਂ ਦੇ ਮਤਦਾਨ ਦੇ ਅਧਿਕਾਰ ਬਾਰੇ ਚਿੰਤਾ ਪੈਦਾ ਹੋਈ ਹੈ। ਕਾਂਗਰਸ ਆਗੂਆਂ ਨੇ ਦੇਸ਼ ਭਰ ਵਿੱਚ ਲਗਭਗ 13.8 ਕਰੋੜ ਵੋਟਰਾਂ ਦੇ ਨਾਂ ਹਟਾਏ ਜਾਣ ਦਾ ਦਾਅਵਾ ਕੀਤਾ। ਇਹ ਅੰਕੜਾ ਕਾਂਗਰਸ ਵੱਲੋਂ ਕੀਤਾ ਗਿਆ ਦਾਅਵਾ ਹੈ; ਇਸ ਦੀ ਵਿਆਖਿਆ ਅਤੇ ਪ੍ਰਕਿਰਿਆ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਵੱਖਰਾ ਪੱਖ ਰੱਖਿਆ ਗਿਆ ਹੈ।
ਮੰਗ ਪੱਤਰ ਵਿੱਚ ਕਿਹਾ ਗਿਆ ਕਿ ਵੋਟ ਦਾ ਅਧਿਕਾਰ ਲੋਕਤੰਤਰ ਦੀ ਬੁਨਿਆਦੀ ਨੀਂਹ ਹੈ ਅਤੇ ਵੋਟਰ ਸੂਚੀ ਵਿੱਚੋਂ ਕਿਸੇ ਯੋਗ ਨਾਗਰਿਕ ਦਾ ਨਾਂ ਹਟਣ ਦੀ ਸਥਿਤੀ ਵਿੱਚ ਉਸ ਨੂੰ ਆਪਣਾ ਪੱਖ ਰੱਖਣ ਅਤੇ ਆਪਣੀ ਵੋਟ ਬਚਾਉਣ ਦਾ ਉਚਿਤ ਮੌਕਾ ਮਿਲਣਾ ਚਾਹੀਦਾ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਦੇ ਕੰਮਕਾਜ ਨੂੰ ਲੈ ਕੇ ਕਮਿਸ਼ਨ ਦੇ ਅੰਦਰੋਂ ਵੀ ਇਤਰਾਜ਼ ਸਾਹਮਣੇ ਆਏ ਹਨ।
ਕਾਂਗਰਸ ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਸੰਵਿਧਾਨਕ ਸੰਸਥਾ ਹੋਣ ਕਰਕੇ ਉਸ ਦੀ ਨਿਰਪੱਖਤਾ ਅਤੇ ਲੋਕਾਂ ਦਾ ਭਰੋਸਾ ਕਾਇਮ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਹਟਾਉਣ ਸਬੰਧੀ ਕਾਰਵਾਈ ਕੀਤੀ ਜਾਵੇ ਅਤੇ ਲਾਏ ਗਏ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਦੂਜੇ ਪਾਸੇ, ਚੋਣ ਕਮਿਸ਼ਨ ਵੱਲੋਂ ਐੱਸਆਈਆਰ ਸਬੰਧੀ ਜਾਰੀ ਕੀਤੀਆਂ ਹਾਲੀਆ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਨੋਟਿਸ ਜਾਰੀ ਹੋਏ ਹਨ, ਉਨ੍ਹਾਂ ਦੇ ਦਸਤਾਵੇਜ਼ ਇਕੱਠੇ ਕਰਨ ਲਈ ਬੂਥ ਲੈਵਲ ਅਧਿਕਾਰੀ ਘਰਾਂ ਵਿੱਚ ਜਾ ਸਕਦੇ ਹਨ ਅਤੇ ਲੋੜ ਅਨੁਸਾਰ ਸੁਣਵਾਈ ਦੀ ਪ੍ਰਕਿਰਿਆ ਕੀਤੀ ਜਾਵੇਗੀ।
ਇਸ ਮੌਕੇ ਸੀਨੀਅਰ ਕਾਂਗਰਸ ਆਗੂ ਕਮਲ ਧਾਲੀਵਾਲ ਦੀ ਟੀਮ ਵੱਲੋਂ ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ, ਪਾਰਟੀ ਦੇ ਬੁਲਾਰੇ ਅਨਵਰ ਮੁਹੰਮਦ ਮਹਿਬੂਬ, ਇਸਤਰੀ ਆਗੂ ਕ ਕਾਂਤਾ ਕੁਠਾਲਾ, ਮਿਊਂਸਿਪਲ ਕਮੇਟੀ ਅਮਰਗੜ੍ਹ ਦੇ ਵਾਈਸ ਪ੍ਰਧਾਨ ਪ੍ਰਿੰਸ ਜੋਸ਼ੀ, ਹਰਜਿੰਦਰ ਸਿੰਘ ਕਾਕਾ ਨਥੂਮਾਜਰਾ, ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ, ਅਹਿਮਦਗੜ੍ਹ ਦੇ ਸ਼ਹਿਰੀ ਪ੍ਰਧਾਨ ਦੀਪਾ ਸ਼ਰਮਾ, ਐੱਮਸੀ, ਬਲਾਕ ਪ੍ਰਧਾਨ ਨਿਰਮਲ ਸਿੰਘ ਸੰਘਾਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰੂਬਲ ਨਾਰੀਕੇ, ਸਰਪੰਚ ਮਨਦੀਪ ਸਿੰਘ ਚੰਨੀ, ਬਲਵੰਤ ਸਿੰਘ ਬਾਗੜੀਆਂ, ਗੁਰਮੀਤ ਸਿੰਘ ਬਾਗੜੀਆ, ਰਮੇਸ਼ ਕੁਮਾਰ ਅਮਰਗੜ੍ਹ ਅਤੇ ਬਲਵੰਤ ਸਿੰਘ ਭੱਟੀ ਰ ਹਾਜ਼ਰ ਸਨ।