ਬਰਨਾਲਾ ਰੈਲੀ ਨੂੰ ਲੈ ਕੇ ਕਾਂਗਰਸੀਆਂ ਨੇ ਵਿੱਢੀ ਲਾਮਬੰਦੀ
ਬਰਨਾਲਾ ਰੈਲੀ ਨੂੰ ਲੈਕੇ ਕਾਂਗਰਸੀਆਂ ਨੇ ਵਿੱਢੀ ਲਾਮਬੰਦੀ
Publish Date: Wed, 25 Feb 2026 03:56 PM (IST)
Updated Date: Wed, 25 Feb 2026 03:58 PM (IST)

- ਰਾਜਿੰਦਰ ਦੀਪਾ ਨੇ ਆਗੂਆਂ ਨਾਲ ਕੀਤੀ ਵਿਚਾਰ ਚਰਚਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ ਸੁਨਾਮ : ਕਾਂਗਰਸ ਪਾਰਟੀ ਵੱਲੋਂ ਪੰਜਾਬ ਅੰਦਰ ਕੀਤੀਆਂ ਜਾ ਰਹੀਆਂ ‘ਮਨਰੇਗਾ ਬਚਾਓ ਸੰਗਰਾਮ’ ਰੈਲੀਆਂ ਤਹਿਤ 28 ਫ਼ਰਵਰੀ ਨੂੰ ਬਰਨਾਲਾ ਵਿਖੇ ਕੀਤੀ ਜਾਣ ਵਾਲੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪੱਬਾਂ ਭਾਰ ਹੋ ਰਹੇ ਹਨ। ਰੈਲੀ ਵਿੱਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਲਾਮਬੰਦੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ ਸੁਨਾਮ ਵਿਖੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਦੀ ਰਿਹਾਇਸ਼ ਤੇ ਕੀਤੀ ਮੀਟਿੰਗ ਵਿੱਚ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ, ਸੁਨਾਮ ਦੇ ਕੋਆਰਡੀਨੇਟਰ ਅਸ਼ਵਨੀ ਗੁਪਤਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜੈਚ ਸਮੇਤ ਹੋਰ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ, ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ, ਕੋਆਰਡੀਨੇਟਰ ਅਸ਼ਵਨੀ ਗੁਪਤਾ ਅਤੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜੈਚ ਨੇ ਆਖਿਆ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਮਗਨਰੇਗਾ ਕਾਨੂੰਨ ਵਿੱਚ ਤਬਦੀਲੀ ਕਰ ਕੇ ਮਜ਼ਦੂਰਾਂ ਦੇ ਘਰਾਂ ਵਿੱਚ ਬਲਦੇ ਚੁੱਲਿਆਂ ਦੀ ਅੱਗ ਨੂੰ ਬੁਝਾਉਣ ਦੇ ਰਾਹ ਤੁਰੀ ਹੋਈ ਹੈ। ਨਵੇਂ ਕਾਨੂੰਨ ਮੁਤਾਬਕ ਮਨਰੇਗਾ ਕਾਮਿਆਂ ਨੂੰ ਦਿਹਾੜੀ ਦੇਣ ਲਈ ਸੂਬਿਆਂ ਨੂੰ ਚਾਲੀ ਫ਼ੀਸਦੀ ਰਾਸ਼ੀ ਦੇਣੀ ਪਵੇਗੀ ਜਦਕਿ ਸੂਬਿਆਂ ਖਾਸ ਕਰਕੇ ਮੌਜੂਦਾ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਆਰਥਿਕ ਤੌਰ ਤੇ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਸੱਖਣਾ ਕਰ ਰਹੀ ਹੈ। ਬਿਜਲੀ ਸੋਧ ਬਿਲ, ਬੀਜ਼ ਬਿੱਲ ਅਤੇ ਚਾਰ ਕਿਰਤ ਕਾਨੂੰਨ ਲਾਗੂ ਹੋਣ ਨਾਲ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਸੂਬਾ ਸਰਕਾਰ ਤੇ ਵਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਝੂਠ ਤੇ ਫ਼ਰੇਬ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਹੈ 28 ਫ਼ਰਵਰੀ ਦੀ ਬਰਨਾਲਾ ਰੈਲੀ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ। ਇਸ ਮੌਕੇ ਪਰਮਾਨੰਦ ਕਾਂਸਲ, ਜਸਵੰਤ ਸਿੰਘ ਭੰਮ, ਮਹਿਲਾ ਆਗੂ ਸ਼ਸ਼ੀ ਅਗਰਵਾਲ ਆਦਿ ਹਾਜ਼ਰ ਸਨ।