ਨਸ਼ਿਆਂ ਤੇ ਅਮਨ ਕਾਨੂੰਨ ਦੀ ਮਾੜੀ ਸਥਿਤੀ ਨੂੰ ਲੈ ਕੇ ਕਾਂਗਰਸ ਨੇ ਕੱਢਿਆ ਰੋਸ ਮਾਰਚ ਨਸ਼ਿਆਂ ਤੇ ਅਮਨ ਕਾਨੂੰਨ ਦੀ ਮਾੜੀ ਸਥਿਤੀ ਨੂੰ ਲੈ ਕੇ ਕਾਂਗਰਸ ਨੇ ਕੱਢਿਆ ਰੋਸ ਮਾਰਚ
Publish Date: Wed, 30 Sep 2026 05:53 PM (IST)
Updated Date: Thu, 01 Oct 2026 04:01 AM (IST)
ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਹੋਈ ਫੇਲ : ਸਾਬਕਾ ਵਿਧਾਇਕ ਧੌਲਾ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸੂਬੇ ਅੰਦਰ ਅਮਨ ਕਾਨੂੰਨ ਦੀ ਮਾੜੀ ਹਾਲਤ ਤੇ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਨੂੰ ਲੈ ਕੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਦੀ ਅਗਵਾਈ ’ਚ ਕਾਂਗਰਸ ਪਾਰਟੀ ਹਲਕਾ ਭਦੌੜ ਨੇ ਤਪਾ ਮੰਡੀ ਵਿਖੇ ਇੱਕ ਰੋਸ ਮਾਰ ਕੱਢਿਆ। ਉਨ੍ਹਾਂ ਕਿਹਾ ਅੱਜ ਸੂਬੇ ਚ ਹਰ ਵਰਗ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਦੂਜਾ ਪੰਜਾਬ ਅੰਦਰ ਨਸ਼ਿਆਂ ਨੇ ਇਸ ਕਦਰ ਆਪਣਾ ਘਰ ਕਰ ਲਿਆ ਹੈ ਕਿ ਪੰਜਾਬ ਦੀ ਜਵਾਨੀ ਸਿਰਫ ਨਸ਼ਿਆਂ ਤੱਕ ਸੀਮਤ ਰਹਿ ਗਈ ਹੈ, ਜਿਸ ਨੂੰ ਠੱਲ ਪੌਣ ਚ ਸੂਬਾ ਸਰਕਾਰ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ, ਨਸ਼ਿਆਂ ਤੇ ਬੇਰੁਜ਼ਗਾਰੀ ਨੂੰ ਲੈ ਕੇ ਸਰਕਾਰ ਖਿਲਾਫ ਇਹ ਰੋਸ ਮਾਰਚ ਕੱਢਿਆ ਗਿਆ ਹੈ। ਕਾਂਗਰਸੀ ਵਰਕਰਾਂ ਦਾ ਇਹ ਰੋਸ ਮਾਰਚ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਬਾਜ਼ਾਰਾਂ ’ਚੋਂ ਦੀ ਹੁੰਦਾ ਹੋਇਆ ਰੇਲਵੇ ਸਟੇਸ਼ਨ ਨਜ਼ਦੀਕ ਸਮਾਪਤ ਹੋਇਆ। ਇਸ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਰੋਸ ਮਾਰਚ ਦੇ ਅੰਤ ’ਚ ਕਾਂਗਰਸੀ ਵਰਕਰਾਂ ਵੱਲੋਂ ਸਰਕਾਰ ਦੇ ਵਿਰੋਧ ’ਚ ਪੁਤਲਾ ਫੂਕ ਕੇ ਆਪਣਾ ਰੋਸ ਜ਼ਾਹਿਰ ਕੀਤਾ ਗਿਆ। ਸਾਬਕਾ ਵਿਧਾਇਕ ਪਿਰਮਲ ਸਿੰਘ ਧੋਲਾ ਨੇ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਨੇ ਸੂਬੇ ਨੂੰ ਅਰਾਜਕਤਾ ’ਚ ਸੁੱਟ ਦਿੱਤਾ ਹੈ। ਜੁਰਮ ਦੀਆਂ ਦਰਾਂ ਵੱਧ ਰਹੀਆਂ ਹਨ। ਸੂਬੇ ਅੰਦਰ ਰੋਜ਼ਾਨਾ ਦਿਨ ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਤੇ ਸਰਕਾਰ ਰਾਹਤ ਦੇਣ ਦੀ ਬਜਾਏ ਆਮ ਲੋਕਾਂ ’ਤੇ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਮਾੜੀ ਸਥਿਤੀ ਨੂੰ ਲੈ ਕੇ ਲੋਕ ਸਰਕਾਰ ਤੋਂ ਨਿਰਾਸ਼ ਹਨ। ਸਮਾਜ ਦੇ ਹਰ ਵਰਗ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਰੌਲਾ ਪਾਇਆ ਜਾ ਰਿਹਾ ਹੈ ਪਰ ‘ਆਪ’ ਇਸ ਬਾਰੇ ਕੁਝ ਨਹੀਂ ਕਰ ਰਹੀ। ਜਿਸਦੇ ਸਿੱਟੇ ਵਜੋਂ ਅੱਜ “ਕੋਈ ਵੀ ਹੁਣ ਪੰਜਾਬ ਵਿਚ ਨਹੀਂ ਰਹਿਣਾ ਚਾਹੁੰਦਾ, ਇਸ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਉਹ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ”।ਉਨ੍ਹਾਂ ਨਸ਼ਿਆਂ ਦੇ ਮੁੱਦੇ ’ਤੇ ਕਿਹਾ ਕਿ ਪੰਜਾਬ ’ਚ ਨੌਜਵਾਨ ਨਸ਼ਿਆਂ ਦੀ ਲਪੇਟ ਵਿਚ ਆ ਰਹੇ ਹਨ ਤੇ ਸਰਕਾਰ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਹੋਰ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਆਖਿਆ ਹੁਣ ਸੂਬੇ ਅੰਦਰ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਚ ਸੱਤਾਧਿਰ ਨੂੰ ਲਾਂਭੇ ਕਰਕੇ ਕਾਂਗਰਸ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਮੌਕਾ ਦੇਣ ਲਈ ਉਤਾਵਲੇ ਹਨ। \ਇੱਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸ ਦੀ ਸਰਕਾਰ ’ਚ ਸੱਤਾ ਸੁਖ ਭੋਗਣ ਵਾਲੇ ਜਿਆਦਾਤਰ ਕਾਂਗਰਸੀ ਗੈਰ ਹਾਜ਼ਰ ਰਹੇ। ਇਸ ਮੌਕੇ ਸ਼ਹਿਰੀ ਪ੍ਰਧਾਨ ਹਰਿੰਦਰ ਗੋਗੀ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ, ਜ਼ਿਲਾ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਧਾਲੀਵਾਲ, ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਕੁਮਾਰ ਭੂਤ, ਯੂਥ ਕਾਂਗਰਸ ਦੇ ਨੌਜਵਾਨ ਆਗੂ ਜੈਕੀ ਚੱਠਾ, ਕੁਲਵਿੰਦਰ ਸਿੰਘ, ਅਰਸ਼ ਪੰਧੇਰ, ਬਿੰਦਰੀ ਭਦੌੜ ਆਦਿ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।