ਕਾਂਗਰਸ ਹੀ ਦੇਸ਼ ਦੀ ਇੱਕੋ-ਇੱਕ ਪਾਰਟੀ ਜਿਸ ’ਚ ਅੰਦਰੂਨੀ ਲੋਕਤੰਤਰ ਹੈ: ਭੂਪੇਸ਼ ਬਘੇਲ ਕਾਂਗਰਸ ਹੀ ਦੇਸ਼ ਦੀ ਇੱਕੋ-ਇੱਕ ਪਾਰਟੀ ਜਿਸ ’ਚ ਅੰਦਰੂਨੀ ਲੋਕਤੰਤਰ ਹੈ: ਭੂਪੇਸ਼ ਬਘੇਲ
Publish Date: Sun, 02 Aug 2026 06:11 PM (IST)
Updated Date: Mon, 03 Aug 2026 04:05 AM (IST)
- ਹਰ ਬੂਥ ਮਜ਼ਬੂਤ ਕਰਨ ’ਤੇ ਜ਼ੋਰ ਅਤੇ ਵਿਰੋਧੀਆਂ ’ਤੇ ਨਿਸ਼ਾਨੇ -ਜ਼ਮੀਨੀ ਪੱਧਰ ਤੇ ਪਾਰਟੀ ਮਜ਼ਬੂਤ ਕਰਨ ਦਾ ਸੱਦਾ : ਰਾਜਾ ਵੜਿੰਗ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਇੱਕ ਨਿੱਜੀ ਪੈਲਸ ਵਿੱਚ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਇੱਕ ਭਾਰੀ ਰੈਲੀ-ਨੁਮਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇੱਥੇ ‘ਹਰ ਬੂਥ ਮਜ਼ਬੂਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਹੀ ਦੇਸ਼ ਦੀ ਅਜਿਹੀ ਪਾਰਟੀ ਹੈ ਜਿੱਥੇ ਅੰਦਰੂਨੀ ਲੋਕਤੰਤਰ ਮੌਜੂਦ ਹੈ ਅਤੇ ਸਾਰਿਆਂ ਨੂੰ ਨਾਲ ਲੈ ਕੇ ਸਹਿਮਤੀ ਨਾਲ ਫ਼ੈਸਲੇ ਲਏ ਜਾਂਦੇ ਹਨ। ਇਸ ਦੇ ਉਲਟ ਭਾਜਪਾ ਅਤੇ ‘ਆਪ’ ਵਰਗੀਆਂ ਪਾਰਟੀਆਂ ਵਿੱਚ ਪ੍ਰਧਾਨਾਂ ਤੇ ਕਨਵੀਨਰਾਂ ਦੀ ਚੋਣ ਕਿਵੇਂ ਹੁੰਦੀ ਹੈ, ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਕਾਂਗਰਸ ਦੀ ਜਿੱਤ ਦਾ ਰਾਹ ਪੰਜਾਬ ਤੋਂ ਹੀ ਸ਼ੁਰੂ ਹੋਵੇਗਾ। ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਦੇ ਵਰਕਰਾਂ ਲਈ ਇਹ ਸਮਾਂ ਆਮ ਆਦਮੀ ਪਾਰਟੀ ਅਤੇ ਭਾਜਪਾ ਖ਼ਿਲਾਫ਼ ਇੱਕਜੁੱਟ ਹੋ ਕੇ ਲੜਨ ਦਾ ਹੈ, ਕਿਉਂਕਿ ਇਹ ਦੋਵੇਂ ਪਾਰਟੀਆਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਭੂਪੇਸ਼ ਬਘੇਲ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਭਾਜਪਾ ਦੀ ਨਾਕਾਮ ਘਰੇਲੂ ਅਤੇ ਵਿਦੇਸ਼ ਨੀਤੀ ਕਾਰਨ ਪੈਟਰੋਲ, ਡੀਜ਼ਲ, ਐੱਲ.ਪੀ.ਜੀ. ਅਤੇ ਖਾਦਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਜ਼ਰੂਰੀ ਵਸਤਾਂ ਦੀ ਮਹਿੰਗਾਈ ਰਿਕਾਰਡ ਪੱਧਰ ਤੇ ਪਹੁੰਚ ਚੁੱਕੀ ਹੈ। ਉਹਨਾਂ ਬੋਲਦਿਆਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ, ਪਰ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਅੱਜ ਪੰਜਾਬ ਵਿੱਚ ਗੁੰਡਾਗਰਦੀ ਅਤੇ ਗੈਂਗਸਟਰਾਂ ਦਾ ਰਾਜ ਹੈ, ਜਿੱਥੇ ਫਿਰੌਤੀਆਂ ਮੰਗਣਾ ਆਮ ਗੱਲ ਬਣ ਚੁੱਕੀ ਹੈ। ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਉਹ ਪੰਜਾਬ ਦੇ ਸਾਧਨਾਂ ਦਾ ਸ਼ੋਸ਼ਣ ਕਰਕੇ ਦਿੱਲੀ, ਗੁਜਰਾਤ ਅਤੇ ਗੋਆ ਦੀ ਸਿਆਸਤ ਚਲਾ ਰਹੇ ਹਨ। --ਜ਼ਮੀਨੀ ਪੱਧਰ ’ਤੇ ਪਾਰਟੀ ਮਜ਼ਬੂਤ ਕਰਨ ਦਾ ਸੱਦਾ : ਰਾਜਾ ਵੜਿੰਗ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਰਕਰਾਂ ਨੂੰ ਪੂਰੇ ਅਨੁਸ਼ਾਸਨ ਅਤੇ ਸਮਰਪਣ ਨਾਲ ਕੰਮ ਕਰਨ ਮੰਚ ਤੋਂ ਹੋਕਾ ਦਿੰਦੇ ਆ ਕਿਹਾ ਕਿ ਜ਼ਮੀਨੀ ਪੱਧਰ ਅਤੇ ਬੂਥ ਮੈਨੇਜਮੈਂਟ ਨੂੰ ਮਜ਼ਬੂਤ ਕੀਤੇ ਬਿਨਾਂ ਕੋਈ ਵੀ ਚੋਣ ਨਹੀਂ ਜਿੱਤੀ ਜਾ ਸਕਦੀ। 2017 ਤੋਂ 2022 ਤੱਕ ਚੰਗਾ ਕੰਮ ਕਰਨ ਦੇ ਬਾਵਜੂਦ, 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਡੇ ਦਿੱਗਜ ਆਗੂ ਅਤੇ ਸਾਬਕਾ ਮੁੱਖ ਮੰਤਰੀ ਇਸੇ ਲਈ ਹਾਰ ਗਏ ਕਿਉਂਕਿ ਬੂਥ ਪੱਧਰ ਦੀ ਮਾਈਕਰੋ-ਮੈਨੇਜਮੈਂਟ ਵੱਲ ਪੂਰਾ ਧਿਆਨ ਨਹੀਂ ਦਿੱਤਾ ਗਿਆ ਸੀ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਰਕਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਵੇਂ 2024 ਦੀ ਜ਼ਿਮਨੀ ਚੋਣ ਵਿੱਚ ਬਰਨਾਲਾ ਤੋਂ ‘ਆਪ’ ਦਾ ਗੜ੍ਹ ਢਾਹਿਆ ਗਿਆ ਸੀ, ਹੁਣ ਅਗਲਾ ਨਿਸ਼ਾਨਾ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਸੰਗਰੂਰ ਨੂੰ ਕਾਂਗਰਸੀਆਂ ਨੇ ਢਾਉਣਾ ਹੈ। ਉਨ੍ਹਾਂ ਭਗਵੰਤ ਮਾਨ ਨੂੰ ਪੰਜਾਬ ਦਾ ਸਭ ਤੋਂ ਨਾਕਾਮਾ ਮੁੱਖ ਮੰਤਰੀ ਗਰਦਾਨਿਆ ਕਿਹਾ ਕਿ ਕਾਂਗਰਸੀ ਆਗੂ ਤੇ ਵਰਕਰ ਇਕੱਠੇ ਹੋ ਕੇ ਹੰਭਲਾ ਮਾਰੋ ਤੇ ਪੰਜਾਬ ਚ ਕਾਂਗਰਸੀ ਸਰਕਾਰ ਬਣਾਓ। : ਅਨੁਸ਼ਾਸਨਹੀਣਤਾ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਰੈਲੀ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਨੇ ਪਾਰਟੀ ਹਾਈਕਮਾਂਡ ਅੱਗੇ ਮੰਗ ਰੱਖੀ ਕਿ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਕਰਨ ਵਾਲਿਆਂ ਅਤੇ ਪਾਰਟੀ ਨੂੰ ਅੰਦਰੋਂ ਨੁਕਸਾਨ ਪਹੁੰਚਾਉਣ ਵਾਲੇ ਅਨਸਰਾਂ ਵਿਰੁੱਧ ਤੁਰੰਤ ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਪਾਰਟੀ ਨੂੰ ਕੋਈ ਵੱਡਾ ਨੁਕਸਾਨ ਨਾ ਝੱਲਣਾ ਪਵੇ। ਇਸ ਪ੍ਰੋਗਰਾਮ ਵਿੱਚ ਬ੍ਰਹਮ ਮਹਿੰਦਰਾ, ਡਾ. ਰਾਜ ਕੁਮਾਰ ਵੇਰਕਾ, ਕੁਲਦੀਪ ਸਿੰਘ ਕਾਲਾ ਢਿੱਲੋਂ, ਕੁਲਬੀਰ ਸਿੰਘ ਜ਼ੀਰਾ, ਹੀਨਾ ਕਾਂਵਰੇ ਅਤੇ ਦੁਰਲੱਭ ਸਿੱਧੂ, ਮੱਖਣ ਸ਼ਰਮਾ, ਮਹੇਸ਼ ਕੁਮਾਰ ਲੋਟਾ, ਗੁਰਮੇਲ ਮੌੜ, ਜਸਮੇਲ ਸਿੰਘ ਡੇਅਰੀਵਾਲਾ, ਬਿੱਟੂ ਢਿੱਲੋ, ਨਰਿੰਦਰ ਸ਼ਰਮਾ, ਬਲਦੇਵ ਭੁੱਚਰ, ਲੱਕੀ ਪੱਖੋਂ ਸਮੇਤ ਕਈ ਹੋਰ ਉੱਘੇ ਕਾਂਗਰਸੀ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।