ਨਸ਼ਿਆਂ ਵਿਰੁੱਧ ਸ਼ੇਰਪੁਰ ’ਚ ਕਾਂਗਰਸ ਵੱਲੋਂ ਰੋਸ ਮਾਰਚ ਨਸ਼ਿਆਂ ਵਿਰੁੱਧ ਸ਼ੇਰਪੁਰ ’ਚ ਕਾਂਗਰਸ ਵੱਲੋਂ ਰੋਸ ਮਾਰਚ
Publish Date: Sun, 04 Oct 2026 04:29 PM (IST)
Updated Date: Mon, 05 Oct 2026 04:02 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਸਾਰ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਯੂਥ ਆਗੂ ਕਮਲਜੀਤ ਸਿੰਘ ਚੱਕ ਦੀ ਅਗਵਾਈ ਹੇਠ ਕਸਬਾ ਸ਼ੇਰਪੁਰ ਵਿਖੇ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਆਗੂਆਂ ਤੇ ਵਰਕਰਾਂ ਨੇ ਨਸ਼ਿਆਂ ਦੇ ਖਾਤਮੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਕਸਬੇ ਦੇ ਬਾਜ਼ਾਰਾਂ ਅੰਦਰ ਰੋਸ਼ ਮਾਰਚ ਕਰਦਿਆਂ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਇਸ ਮੌਕੇ ਕਮਲਜੀਤ ਸਿੰਘ ਚੱਕ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਸੂਬੇ ਦੀ ਸਭ ਤੋਂ ਵੱਡੀ ਤਾਕਤ ਹੈ, ਪਰ ਨਸ਼ਿਆਂ ਦਾ ਵਧਦਾ ਰੁਝਾਨ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਨਸ਼ਿਆਂ ਦੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਵਿੱਚ ਅਸਫਲ ਰਹੀਆਂ ਹਨ ਅਤੇ ਦੋਵੇਂ ਸਰਕਾਰਾਂ ਨੂੰ ਇਸ ਸਥਿਤੀ ਲਈ ਜਵਾਬਦੇਹ ਹੋਣਾ ਚਾਹੀਦਾ ਹੈ। ਚੱਕ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸਿਰਫ਼ ਬਿਆਨਬਾਜ਼ੀ ਕਰਨ ਦੀ ਬਜਾਏ ਨਸ਼ਾ ਤਸਕਰੀ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਰੁਜ਼ਗਾਰ, ਖੇਡਾਂ, ਸਿੱਖਿਆ ਅਤੇ ਹੁਨਰ ਵਿਕਾਸ ਦੇ ਮੌਕੇ ਵਧਾਉਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਇਸ ਮੌਕੇ ਜਸਮੇਲ ਸਿੰਘ ਬੜੀ, ਬਹਾਦਰ ਸਿੰਘ ਢੰਡਾ, ਬਹਾਦਰ ਸਿੰਘ ਚੌਧਰੀ, ਲੈਕਚਰਾਰ ਸੁਖਦੇਵ ਸਿੰਘ, ਥਾਣਾ ਮੁਖੀ ਸ਼ੇਰਪੁਰ, ਸਾਬਕਾ ਸਰਪੰਚ ਮੇਜਰ ਸਿੰਘ ਬੁਰਜ, ਬਲਵੰਤ ਸ਼ਰਮਾ ਹਮੀਦੀ, ਪ੍ਰਗਟ ਪ੍ਰੀਤ ਸ਼ੇਰਪੁਰ, ਚਮਕੌਰ ਸਿੰਘ ਭੋਲਾ, ਹਰਜਿੰਦਰ ਸਿੰਘ ਕਿਸਾਨ ਵਿੰਗ, ਵਿੱਕੀ ਪੰਡਿਤ ਪੰਜਗਰਾਈਆਂ, ਕੇਸਰ ਸਿੰਘ ਪੰਜਗਰਾਈਆਂ, ਸਾਬਕਾ ਸਰਪੰਚ ਹਾਕਮ ਸਿੰਘ ਗੰਡੇਵਾਲ, ਅਮਨਦੀਪ ਸਿੰਘ ਬਦੇਸ਼ਾ, ਪਿਆਰਾ ਸਿੰਘ ਬਦੇਸ਼ਾ, ਇੰਦਰਜੀਤ ਸਿੰਘ ਬੜੀ, ਜਗਤਾਰ ਸਿੰਘ ਹੇੜੀਕੇ, ਜੀਤ ਹੇੜੀਕੇ, ਅਮਰਜੀਤ ਹੇੜੀਕੇ, ਮਨੋਜ ਕੁਮਾਰ, ਜਗਰੂਪ ਬਾਠ, ਰੂਪ ਅਲੀਪੁਰ, ਕਾਲਾ ਸਰਪੰਚ, ਮੇਜਰ ਸਰਪੰਚ, ਨੰਨੂ ਗੁੰਮਟੀ, ਸਤਵੰਤ ਚੁਹਾਣਕੇ ਅਤੇ ਨਿਰੰਜਣ ਚੀਮਾ ਹਾਜ਼ਰ ਸਨ।