- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਹਿਸੀਲ ਅੱਗੇ ਖੜ੍ਹਾ ਗੰਦਾ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ

ਸੱਤਪਾਲ ਕਾਲਾਬੂਲਾ/ਰਹਿਮਾਨ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਸਥਾਨਕ ਤਹਿਸੀਲ ਕੰਪਲੈਕਸ ਦੇ ਅੰਦਰ ਖੜ੍ਹਾ ਬਰਸਾਤੀ ਪਾਣੀ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਪਿਛਲੇ ਦਿਨੀਂ ਸ਼ਹਿਰ ਵਿੱਚ ਹੋਈ ਬਾਰਿਸ਼ ਤੋਂ ਬਾਅਦ ਇੱਥੇ ਪਾਣੀ ਇਕੱਠਾ ਹੋ ਗਿਆ ਸੀ, ਪਰ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਇਹ ਪਾਣੀ ਹੁਣ ਗੰਦਗੀ ਅਤੇ ਬਦਬੂ ਦਾ ਰੂਪ ਧਾਰ ਚੁੱਕਾ ਹੈ। ਇਸ ਕਾਰਨ ਜਿੱਥੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ।
ਤਹਿਸੀਲ ਆਉਣ ਵਾਲੇ ਲੋਕਾਂ ਲਈ ਬਣਿਆ ਸਿਰਦਰਦੀ
ਤਹਿਸੀਲ ਕੰਪਲੈਕਸ ਵਿੱਚ ਰੋਜ਼ਾਨਾ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਆਪਣੇ ਜ਼ਰੂਰੀ ਸਰਕਾਰੀ ਕੰਮਕਾਜ ਲਈ ਪਹੁੰਚਦੇ ਹਨ। ਪਰ ਤਹਿਸੀਲ ਦੇ ਅੰਦਰ ਬਣੀਆ ਦੁਕਾਨਾਂ ਤੇ ਜਾਣ ਆਉਣ ਲਈ ਖੜ੍ਹੇ ਗੰਦੇ ਪਾਣੀ ਕਾਰਨ ਉਨ੍ਹਾਂ ਨੂੰ ਗੁਜ਼ਰਨ ਵਿੱਚ ਮੁਸ਼ਕਲ ਆ ਰਹੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਾਰਿਸ਼ ਤੋਂ ਬਾਅਦ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਸਮੱਸਿਆ ਲਗਾਤਾਰ ਬਣੀ ਹੋਈ ਹੈ। ਖੜ੍ਹੇ ਪਾਣੀ ਵਿੱਚੋਂ ਆਉਂਦੀ ਬਦਬੂ ਕਾਰਨ ਆਸ-ਪਾਸ ਦਾ ਮਾਹੌਲ ਵੀ ਖ਼ਰਾਬ ਹੋ ਰਿਹਾ ਹੈ। ਜੇਕਰ ਸਮੇਂ ਸਿਰ ਇਸ ਪਾਣੀ ਦੀ ਨਿਕਾਸੀ ਨਾ ਕੀਤੀ ਗਈ ਤਾਂ ਮੱਛਰਾਂ ਦੀ ਪੈਦਾਵਾਰ ਵਧਣ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਪੈਦਾ ਹੋ ਸਕਦਾ ਹੈ।
---------
ਵਿਭਾਗ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ
ਲੋਕਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਤਹਿਸੀਲ ਅੰਦਰ ਖੜ੍ਹੇ ਗੰਦੇ ਪਾਣੀ ਦੀ ਤੁਰੰਤ ਨਿਕਾਸੀ ਕਰਵਾਈ ਜਾਵੇ ਅਤੇ ਪਾਣੀ ਦੀ ਨਿਕਾਸੀ ਲਈ ਪੱਕਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਤਹਿਸੀਲ ਵਰਗੇ ਮਹੱਤਵਪੂਰਨ ਸਰਕਾਰੀ ਦਫ਼ਤਰ ਦੇ ਬਾਹਰ ਅਜਿਹੀ ਸਥਿਤੀ ਬਣੀ ਰਹਿਣਾ ਸਬੰਧਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ।
ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਬਾਰਿਸ਼ ਦੇ ਦਿਨਾਂ ਵਿੱਚ ਮੁੜ ਪਾਣੀ ਖੜ੍ਹਾ ਨਾ ਹੋਵੇ ਅਤੇ ਤਹਿਸੀਲ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।